ਸਤਵਿੰਦਰ ਸਿੰਘ ਧੜਾਕ, ਮੋਹਾਲੀ : ਚਰਨਜੀਤ ਸਿੰਘ ਚੰਨੀ ਦੀ ਇਸ ਉਪਲਬਧੀ ਬਾਰੇ ਸਿਆਸੀ ਹਲਕਿਆਂ ਦੇ ਵਿਚ ਜਿੱਥੇ ਚਰਚਾ ਦਾ ਮਾਹੌਲ ਗਰਮ ਹੈ ਉੱਥੇ ਹੀ ਆਮ ਲੋਕਾਂ ਦੇ ਵਿਚ ਇਸ ਗੱਲ ਦੀ ਡਾਹਢੀ ਖੁਸ਼ੀ ਪਾਈ ਜਾ ਰਹੀ ਹੈ। ਵਜ੍ਹਾ ਸਾਫ਼ ਹੈ ਕਿ ਇਕ ਸਾਧਾਰਨ ਐੱਸਸੀ ਪਰਿਵਾਰ ਵਿਚੋਂ ਸਿਆਸਤ ਦਾ ਸਫ਼ਰ ਸ਼ੁਰੂ ਕਰਨ ਵਾਲੇ ਚੰਨੀ ਦਾ ਮੁੱਖ ਮੰਤਰੀ ਦੀ ਕੁਰਸੀ ਤਕ ਪੁੱਜਦਾ ਸੌਖਾ ਕੰਮ ਨਹੀਂ ਸੀ ਕਿਉਂਕਿ ਸੱਤਾ ਦੇ ਵਿਚ ਅਜਿਹਾ ਮਾਣ-ਤਾਣ ਪੁਰਾਣੇ ਅਤੇ ਕੰਕਰੀਟ ਸਿਆਸੀ ਪਿਛੋਕੜ ਵਾਲੇ ਰਾਜਨੇਤਾ ਹੀ ਹਿੱਸੇ ਹੀ ਆਉਂਦਾ ਰਿਹਾ ਹੈ। ਚੰਨੀ ਦੀ ਪਤਨੀ ਦਾ ਨਾਂ ਕਮਲਜੀਤ ਕੌਰ ਹੈ ਤੇ ਪੇਸ਼ੇ ਵਜੋਂ ਪੰਜਾਬ ਦੇ ਸਿਹਤ ਵਿਭਾਗ 'ਚ ਡਾਕਟਰ ਹਨ।

2 ਅਪ੍ਰੈਲ 1973 ਨੂੰ ਜਨਮੇ ਚਰਨਜੀਤ ਸਿੰਘ ਚੰਨੀ 1992 ਵਿਚ ਪਹਿਲੀ ਵਾਰ ਖਰੜ ਨਗਰ ਕੌਂਸਲ ਦੇ ਐੱਮਸੀ ਬਣੇ। ਇਸ ਤੋਂ ਬਾਅਦ ਉਹ ਇਸੇ ਕੌਂਸਲ ਦੇ ਪ੍ਰਧਾਨ ਬਣ ਕੇ ਆਪਣੇ ਆਹਲਾ ਆਗੂ ਹੋਣ ਦਾ ਸਬੂਤ ਦੇ ਚੁੱਕੇ ਸਨ। ਚੰਨੀ ਦੋ ਵਾਰ ਖਰੜ ਨਗਰ ਕੌਂਸਲ ਦੇ ਪ੍ਰਧਾਨ ਰਹੇ। ਜਿਸ ਤੋਂ ਬਾਅਦ ਉਨ੍ਹਾਂ ਨੇ ਪਹਿਲੀ ਵਾਰ ਸਾਲ 2002 ਦੇ ਵਿਚ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਜਿੱਤ ਹਾਸਲ ਕੀਤੀ। ਉਪਰੰਤ ਸਾਲ 2007 ਵਿਚ ਕਾਂਗਰਸ ਪਾਰਟੀ ਦੀ ਟਿਕਟ ਤੋਂ ਵੱਡੀ ਜਿੱਤ ਦਰਜ ਕਰ ਲਈ ਤੇ ਇਸੇ ਸਿਆਸਤ ਦੀ ਪਾਰੀ ਦੌਰਾਨ ਉਹ ਸਾਲ 2015 'ਚ ਵਿਧਾਨ ਸਭਾ 'ਚ ਕਾਂਗਰਸ ਵਿਰੋਧੀ ਧਿਰ ਦੇ ਨੇਤਾ ਵੀ ਬਣੇ। ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਦੋਂ ਸੂਬੇ ਵਿਚ ਆਮ ਆਦਮੀ ਪਾਰਟੀ ਦਾ ਪੂਰਾ ਜ਼ੋਰ ਸੀ, ਚੰਨੀ ਨੇ ਵੱਡੇ ਤ੍ਰਿਕੋਣੇ ਮੁਕਾਬਲੇ ਦੇ ਵਿਚ ਜਿੱਤ ਦਰਜ ਕਰ ਲਈ ਤੇ ਹੁਣ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੱਤਾ ਤੋਂ ਲਾਂਭੇ ਕਰਨ ਦੀ ਚਰਚਾ ਛਿੜੀ ਤਾਂ ਚਰਨਜੀਤ ਸਿੰਘ ਚੰਨੀ ਦਾ ਨਾਂ ਉਪ ਮੁੱਖ ਮੰਤਰੀ ਵਜੋਂ ਸਾਹਮਣੇ ਆਇਆ ਪਰ ਸਿਆਸਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤੇ ਉਹ ਮੁੱਖ ਮੰਤਰੀ ਬਣ ਕੇ ਸਾਹਮਣੇ ਆ ਗਏ। ਇਹ ਸਭ ਵਿਧਾਨ ਸਭਾ ਚੋਣਾਂ ਤੋਂ 6 ਮਹੀਨੇ ਪਹਿਲਾਂ ਹੋਇਆ। ਚੰਨੀ ਤਿੰਨ ਵਾਰ ਐੱਮਐੱਲਏ ਬਣੇ। ਦੱਸ ਦੇਈਏ ਕਿ ਚਰਨਜੀਤ ਸਿੰਘ ਚੰਨੀ ਇਨ੍ਹੀਂ ਦਿਨੀਂ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟ੍ਰੀਅਲ ਟ੍ਰੇਨਿੰਗ ਵਿਭਾਗ ਸੰਭਾਲ ਰਹੇ ਸਨ।

Posted By: Seema Anand