ਸੀਨੀਅਰ ਰਿਪੋਰਟਰ, ਐੱਸਏਐੱਸ ਨਗਰ : ਆਪਣੇ ਫੈਨਜ਼ ਨਾਲ ਟ੍ਰੈਫਿਕ ਨਿਯਮ ਤੋੜਣ ਵਾਲੇ ਪੰਜਾਬੀ ਗਾਇਕ ਕਰਨ ਔਜਲਾ ਨੂੰ ਮੋਹਾਲੀ ਪੁਲਿਸ ਨੇ ਨੋਟਿਸ ਭੇਜ ਕੇ ਜਾਂਚ 'ਚ ਸ਼ਾਮਲ ਹੋਣ ਲਈ ਕਿਹਾ ਹੈ। ਉਥੇ ਹੀ ਕਰਨ ਔਜਲਾ ਦੇ ਕਾਫ਼ਲੇ 'ਚ ਜੋ-ਜੋ ਗੱਡੀਆਂ ਦਿਖਾਈ ਦੇ ਰਹੀਆਂ ਸਨ, ਉਨ੍ਹਾਂ ਦੀ ਵੀ ਮੋਹਾਲੀ ਟ੍ਰੈਫਿਕ ਪੁਲਿਸ ਨੇ ਪਛਾਣ ਕਰ ਲਈ ਹੈ। ਜਿਨ੍ਹਾਂ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਸੁਨੇਹਾ ਭੇਜਿਆ ਜਾ ਚੁੱਕਿਆ ਹੈ। ਹਾਲਾਂਕਿ ਟ੍ਰੈਫਿਕ ਨਿਯਮ ਤੋੜਣ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੀਤੇ ਜਾਣਗੇ, ਪਰ ਐੱਸਪੀ ਟ੍ਰੈਫਿਕ ਕੇਸਰ ਸਿੰਘ ਨੇ ਸ਼ਹਿਰ ਦੇ ਯੂਥ ਲਈ ਮੈਸੇਜ ਭੇਜਿਆ ਹੈ ਕਿ ਕਿਸੇ ਵੀ ਕਲਾਕਾਰ ਦੇ ਪਿੱਛੇ ਲੱਗ ਕੇ ਆਪਣੀ ਜਵਾਨੀ ਖ਼ਰਾਬ ਨਾ ਕਰਨ, ਕਿਉਂਕਿ ਰੋਡ 'ਤੇ ਜਦੋਂ ਕੋਈ ਹਾਦਸਾ ਹੁੰਦਾ ਹੈ ਤਾਂ ਉਹ ਕਿਸੇ ਤੋਂ ਪੁੱਛ ਕੇ ਨਹੀਂ ਹੁੰਦਾ। ਐੱਸਪੀ ਟ੍ਰੈਫਿਕ ਕੇਸਰ ਸਿੰਘ ਨੇ ਕਿਹਾ ਕਿ ਟ੍ਰੈਫਿਕ ਨਿਯਮ ਤੋੜਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਦੀ ਟੀਮ ਦੁਆਰਾ ਏਅਰਪੋਰਟ ਤੋਂ ਲੈ ਕੇ ਸੈਕਟਰ-70 ਤਕ ਪੂਰੇ ਰਸਤੇ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਹਾਸਲ ਕੀਤੀ। ਜਿਸ ਤੋਂ ਗੱਡੀਆਂ ਦੀ ਪਛਾਣ ਹੋਈ।

Posted By: Seema Anand