ਜੇਐੱਸ ਕਲੇਰ, ਜ਼ੀਰਕਪੁਰ : ਤਿਉਹਾਰਾਂ ਦਾ ਸੀਜਨ ਸ਼ੁਰੂ ਹੋਣ ਵਾਲਾ ਹੈ, ਇਸ ਦੇ ਮੱਦੇਨਜ਼ਰ ਪੁਲਿਸ ਵੀ ਚੌਕਸ ਹੋ ਗਈ ਹੈ। ਕਿਉਂਕਿ ਤਿਉਹਾਰਾਂ ਦੌਰਾਨ ਘਟਨਾਵਾਂ ਅਕਸਰ ਵੱਧ ਜਾਂਦੀਆਂ ਹਨ। ਇਸ ਲਈ ਐੱਸਐੱਸਪੀ ਮੁਹਾਲੀ ਵਿਵੇਕ ਸ਼ੀਲ ਸੋਨੀ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। ਜਿਸ ਦੇ ਤਹਿਤ ਪੁਲਿਸ ਨੂੰ ਸ਼ਹਿਰ 'ਚ ਫਲੈਗ ਮਾਰਚ ਕਰਨ ਅਤੇ ਸ਼ਹਿਰ 'ਚ ਵਿਸ਼ੇਸ਼ ਨਾਕਾਬੰਦੀ ਕਰਨ ਲਈ ਕਿਹਾ ਗਿਆ ਹੈ। ਹਰ ਧਾਰਮਿਕ ਸਥਾਨ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ। ਜਿਸ ਦੇ ਤਹਿਤ ਡੀਐੱਸਪੀ ਸਬ-ਡਵੀਜਨ ਜ਼ੀਰਕਪੁਰ ਦੇ ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਥਾਣਾ ਜ਼ੀਰਕਪੁਰ ਪੁਲਿਸ ਨੇ ਸ਼ਹਿਰ ਦੇ ਹੋਟਲਾਂ, ਬੱਸ ਅੱਡੇ, ਭੀੜ ਭਾੜ ਵਾਲੇ ਬਾਜ਼ਾਰਾਂ 'ਚ ਚੈਕਿੰਗ ਮੁਹਿੰਮ ਚਲਾਈ।

ਪੁਲਿਸ ਨੇ ਵਾਹਨਾਂ ਦੀ ਵੀ ਚੈਕਿੰਗ ਕੀਤੀ ਅਤੇ ਸ਼ੱਕੀ ਵਿਅਕਤੀਆਂ ਤੋਂ ਪੁੱਛ-ਗਿੱਛ ਕੀਤੀ। ਇਸ ਮੌਕੇ ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਨੂੰ ਲੈ ਕੇ ਸੁਰੱਖਿਆ ਦੇ ਨਜ਼ਰੀਏ ਤੋਂ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਪੁਲਿਸ ਫੋਰਸ ਕਿਸੇ ਵੀ ਅਣਸੁਖਾਵੀਂ ਘਟਨਾ ਲਈ ਚੌਕਸ ਹੈ। ਸ਼ਹਿਰ 'ਚ ਤਿਉਹਾਰ ਦੌਰਾਨ ਅਮਨ-ਸ਼ਾਂਤੀ ਦੇ ਪ੍ਰਬੰਧਾਂ ਨੂੰ ਮੁੱਖ ਰੱਖਦਿਆਂ ਪੁਲਿਸ ਮੁਲਾਜ਼ਮਾਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਜ਼ੀਰਕਪੁਰ ਅਤੇ ਢਕੋਲੀ ਦੇ ਦੋਵੇਂ ਥਾਣਾ ਮੁਖੀਆਂ ਨੂੰ ਚੈਕਿੰਗ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਸ਼ੱਕੀ ਵਿਅਕਤੀ ਦਿਖਾਈ ਦਿੰਦਾ ਹੈ ਤਾਂ ਪੁਲਿਸ ਕੰਟਰੋਲ ਨੂੰ ਸੂਚਿਤ ਕੀਤਾ ਜਾਵੇ।