ਜੇ ਐੱਸ ਕਲੇਰ, ਜ਼ੀਰਕਪੁਰ : ਐੱਸਐੱਸਪੀ ਮੋਹਾਲੀ ਨਵਜੋਤ ਸਿੰਘ ਮਾਹਲ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਮੁਤਾਬਕ ਜ਼ੀਰਕਪੁਰ 'ਚ ਤਿਉਹਾਰਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਟ੍ਰੈਿਫ਼ਕ ਜਾਮ ਦੀ ਵਿਵਸਥਾ 'ਤੇ ਕਾਬੂ ਪਾਉਣ ਤੇ ਬਾਜ਼ਾਰਾਂ 'ਚ ਦੁਕਾਨਦਾਰਾਂ ਤੇ ਖ਼ਰੀਦਦਾਰੀ ਕਰਨ ਵਾਲਿਆਂ ਦੀ ਸੁਰੱਖਿਅਤਾ ਲਈ ਸ਼ਹਿਰ 'ਚ ਕੁਝ ਪ੍ਰਮੁੱਖ ਬਾਜ਼ਾਰਾਂ ਨੂੰ ਵਨ-ਵੇਅ 'ਤੇ ਕੁਝ ਥਾਵਾਂ ਨੂੰ ਨੋ-ਵ੍ਹੀਕਲ ਜ਼ੋਨ ਬਣਾਇਆ ਗਿਆ ਹੈ। ਜਿਸ ਤਹਿਤ ਪਹਿਲੇ ਜ਼ੀਰਕਪੁਰ ਥਾਣੇ ਦੇ ਐਡੀਸ਼ਨਲ ਐੱਸਐੱਚਓ ਐੱਸਆਈ ਮਨਦੀਪ ਨੇ ਵੀਆਈਪੀ ਰੋਡ 'ਤੇ ਸੜਕ ਕਿਨਾਰੇ ਵਾਹਨਾਂ ਦੀ ਪਾਰਕਿੰਗ 'ਤੇ ਰੋਕ ਲਾ ਕੇ ਵਾਹਨਾਂ ਨੂੰ ਨਿਯੰਤਰਿਤ ਕੀਤਾ। ਜਦਕਿ ਸ਼ਹਿਰ ਦੇ ਕੁਝ ਹੋਰ ਬਾਜ਼ਾਰਾਂ ਨੂੰ ਵਨ-ਵੇ ਜ਼ੋਨ 'ਚ ਤਬਦੀਲ ਕੀਤਾ ਗਿਆ ਤਾਂ ਜੋ ਤਿਉਹਾਰਾਂ ਦੇ ਮੌਸਮ ਦੇ ਚੱਲਦਿਆਂ ਕਿਸੇ ਨੂੰ ਵੀ ਬਾਜ਼ਾਰਾਂ 'ਚ ਖਰੀਦਦਾਰੀ ਕਰਦੇ ਸਮੇਂ ਵਾਹਨਾਂ ਦੇ ਲੱਗਣ ਵਾਲੇ ਜਾਮ ਤੋਂ ਬਚਾਅ ਹੋ ਸਕੇ।

ਪੁਲਿਸ ਵੱਲੋਂ ਇਨ੍ਹਾਂ ਬਾਜ਼ਾਰਾਂ 'ਚ ਭੀੜ ਸਮੇਂ ਕਿਸੇ ਸ਼ਰਾਰਤੀ ਅਨਸਰ ਜਾਂ ਫਿਰ ਲੁੱਟਾਂ ਖੋਹਾਂ ਕਰਨ ਵਾਲਿਆਂ ਤੋਂ ਬਚਾਇਆ ਜਾ ਸਕੇ। ਐੱਸਆਈ ਮਨਦੀਪ ਸਿੰਘ ਨੇ ਦੱਸਿਆ ਕਿ ਐੱਸਐੱਸਪੀ ਮੋਹਾਲੀ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਮੁਤਾਬਕ ਵੰਨ-ਵੇ ਤੇ ਨੋ-ਵਹੀਕਲ ਜ਼ੋਨ ਬਣਾਏ ਗਏ ਬਾਜ਼ਾਰਾਂ 'ਚ ਤਕਰੀਬਨ ਦੁਕਾਨਦਾਰ ਅਤੇ ਇੱਥੇ ਖਰੀਦਦਾਰੀ ਕਰਨ ਆਉਣ ਵਾਲੇ ਲੋਕ ਖੁਸ਼ ਦਿਖਾਈ ਦੇ ਰਹੇ ਸਨ। ਜਦ ਕਿ ਵੀਆਈਪੀ ਰੋਡ ਦੀ ਦੁਕਾਨਦਾਰ ਐਸੋਸੀਏਸ਼ਨ ਵੱਲੋਂ ਪੁਲਿਸ ਵੱਲੋਂ ਕੀਤੇ ਗਏ ਇਸ ਉਪਰਾਲੇ ਨੂੰ ਸਰਾਹਿਆ ਗਿਆ ਅਤੇ ਦੁਕਾਨਦਾਰਾਂ ਵੱਲੋਂ ਮੌਕਾ ਦੇਖਣ ਗਏ ਐੱਸਆਈ ਮਨਦੀਪ ਸਿੰਘ ਨਾਲ ਫੋਟੋ ਖਿਚਵਾ ਕੇ ਪ੍ਰਸੰਨਤਾ ਵੀ ਜ਼ਾਹਿਰ ਕੀਤੀ ਗਈ।

ਐੱਸਆਈ ਮਨਦੀਪ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਦੁਕਾਨਦਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਸਵੇਰੇ ਗਿਆਰਾਂ ਵਜੇ ਤੋਂ ਲੈ ਕੇ ਸ਼ਾਮ ਛੇ ਵਜੇ ਤਕ ਬਾਜ਼ਾਰਾਂ ਅੰਦਰ ਵਾਹਨ ਲਿਜਾਣ ਦੀ ਆਗਿਆ ਦਿੱਤੀ ਗਈ ਹੈ। ਜਦ ਕਿ ਛੇ ਵਜੇ ਤੋਂ ਬਾਅਦ ਇਨ੍ਹਾਂ ਬਾਜ਼ਾਰਾਂ ਨੂੰ ਨੋ-ਵਾਹਨ ਜ਼ੋਨ ਬਣਾਇਆ ਜਾਵੇਗਾ, ਜਿਸ ਤੇ ਦੁਕਾਨਦਾਰ ਐਸੋਸੀਏਸ਼ਨਾਂ ਨੇ ਦਿੱਤੇ ਗਏ ਹੁਕਮਾਂ ਤੇ ਸਹਿਮਤੀ ਜਤਾਈ ਗਈ। ਮਨਦੀਪ ਸਿੰਘ ਨੇ ਕਿਹਾ ਕਿ ਦੁਕਾਨਦਾਰਾਂ ਵਾਸਤੇ ਹੀ ਪੁਲਿਸ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਇਸ ਲਈ ਉਨਾਂ੍ਹ ਸਾਰੇ ਦੁਕਾਨਦਾਰ ਐਸੋਸੀਏਸ਼ਨਾਂ ਨੂੰ ਤਿਉਹਾਰਾਂ ਦੇ ਦਿਨਾਂ 'ਚ ਪੁਲਿਸ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ।