ਪੁਲਿਸ ਨੇ ਡੇਰਾਬੱਸੀ ਵਿਖੇ ਕਾਸੋ ਅਪ੍ਰੇਸ਼ਨ ਨੂੰ ਦਿੱਤਾ ਅੰਜਾਮ, ਗ਼ੈਰ-ਕਾਨੂੰਨੀ ਹਥਿਆਰਾਂ ਅਤੇ ਕਾਰਤੂਸਾਂ ਸਮੇਤ ਇਕ ਕਾਬੂ
ਪੁਲਿਸ ਨੇ ਕਾਸੋ ਅਪ੍ਰੇਸ਼ਨ ਨੂੰ ਦਿੱਤਾ ਅੰਜਾਮ, ਗ਼ੈਰ-ਕਾਨੂੰਨੀ ਹਥਿਆਰਾਂ ਅਤੇ ਕਾਰਤੂਸਾਂ ਸਮੇਤ ਇਕ ਕਾਬੂ
Publish Date: Tue, 02 Dec 2025 06:02 PM (IST)
Updated Date: Tue, 02 Dec 2025 06:02 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਜ਼ਿਲ੍ਹਾ ਪੁਲਿਸ ਮੁਖੀ ਹਰਮਨਦੀਪ ਹਾਂਸ, ਐੱਸਪੀ ਦਿਹਾਤੀ ਮਨਪ੍ਰੀਤ ਸਿੰਘ ਦੇ ਨਿਰਦੇਸ਼ਾਂ ਤੇ ਪੁਲਿਸ ਨੇ ਡੇਰਾਬੱਸੀ ਵਿਚ ਇਕ ਵਿਸ਼ੇਸ਼ ਕਾਸੋ ਅਪ੍ਰੇਸ਼ਨ ਨੂੰ ਅੰਜਾਮ ਦਿੱਤਾ ਗਿਆ। ਜਿਸ ਵਿਚ ਇਕ ਵਿਅਕਤੀ ਨੂੰ ਨਾਜਾਇਜ਼ ਹਥਿਆਰਾਂ ਅਤੇ ਕਾਰਤੂਸਾਂ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਉਕਤ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਇਹ ਅਪ੍ਰੇਸ਼ਨ ਥਾਣਾ ਮੁਖੀ ਡੇਰਾਬੱਸੀ ਸੁਮਿਤ ਮੋਰ ਅਤੇ ਥਾਣਾ ਮੁਖੀ ਲਾਲੜੂ ਰਣਵੀਰ ਸਿੰਘ ਦੀ ਅਗਵਾਈ ਵਾਲੀਆਂ ਟੀਮਾਂ ਵੱਲੋਂ ਢੇਹਾ ਬਸਤੀ ਅਤੇ ਗੁਰੂ ਨਾਨਕ ਕਾਲੋਨੀ ਮੁਬਾਰਕਪੁਰ ਵਿਖੇ ਕੀਤਾ ਗਿਆ। ਇਸ ਅਪ੍ਰੇਸ਼ਨ ਦੌਰਾਨ ਪੁਲਿਸ ਨੇ ਉਪਿੰਦਰ ਸਿੰਘ ਪੁੱਤਰ ਮੇਨਪਾਲ ਸਿੰਘ, ਵਾਸੀ ਗੁਰੂ ਨਾਨਕ ਕਾਲੋਨੀ, ਦਫਰਪੁਰ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਕੋਲੋਂ ਇਕ ਗ਼ੈਰ-ਕਾਨੂੰਨੀ 32 ਬੋਰ ਪਿਸਤੌਲ, 315 ਬੋਰ ਦੇ ਪੰਜ ਜ਼ਿੰਦਾ ਕਾਰਤੂਸ ਅਤੇ 32 ਬੋਰ ਦਾ ਇਕ ਜ਼ਿੰਦਾ ਕਾਰਤੂਸ ਬਰਾਮਦ ਕੀਤਾ ਗਿਆ। ਪੁਲਿਸ ਨੇ ਉਕਤ ਮੁਲਜ਼ਮ ਖ਼ਿਲਾਫ਼ ਧਾਰਾ 25 ਆਰਮਜ਼ ਐਕਟ ਅਧੀਨ ਮਾਮਲਾ ਦਰਜ ਕਰਕੇ ਉਸ ਦੇ ਅਗਲੇਰੇ ਅਤੇ ਪਿੱਛਲੇਰੇ ਸਬੰਧਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਡੀਐੱਸਪੀ ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਆਪਣੀ ਇਸ ਮੁਹਿੰਮ ਤਹਿਤ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਸ ਤਰ੍ਹਾਂ ਅਪ੍ਰੇਸ਼ਨ ਭਵਿੱਖ ਵਿਚ ਜਾਰੀ ਰਹਿਣਗੇ।