ਜੇਐੱਨਐੱਨ, ਚੰਡੀਗੜ੍ਹ

ਸ਼ਹਿਰ ਵਿਚ ਕਾਨੂੰਨ-ਵਿਵਸਥਾ ਨੂੰ ਸੰਭਾਲਣ ਵਾਲੇ ਇਨ੍ਹੀਂ ਦਿਨੀਂ ਸਵਾਲਾਂ ਦੇ ਘੇਰੇ ਵਿਚ ਹਨ। 11 ਦਿਨਾਂ ਵਿਚ ਮਨੀਮਾਜਰਾ ਥਾਣੇ ਦੀ ਸਾਬਕਾ ਐੱਸਐੱਚਓ ਜਸਵਿੰਦਰ ਕੌਰ ਤੇ ਮਲੋਆ ਥਾਣੇ ਵਿਚ ਲੱਗੇ ਤਿੰਨ ਕਾਂਸਟੇਬਲਾਂ ਵਿਰੁੱਧ ਰਿਸ਼ਵਤ ਲੈਣ ਦੇ ਮਾਮਲੇ ਸਾਹਮਣੇ ਆਉਣ ਮਗਰੋਂ ਪ੍ਰਸ਼ਾਸਕ ਵੀਪੀ ਬਦਨੌਰ ਬੇਹੱਦ ਨਾਰਾਜ਼ ਹਨ। ਉਨ੍ਹਾਂ ਨੇ ਡੀਜੀਪੀ ਨੂੰ ਸੱਦ ਕੇ ਗੁੱਸਾ ਜ਼ਾਹਰ ਕੀਤਾ ਹੈ ਕਿ ਜਦੋਂ ਅਦਾਲਤ ਕਈ ਵਾਰ ਜਸਵਿੰਦਰ ਵਿਰੱੁਧ ਕਾਰਵਾਈ ਲਈ ਆਖ ਚੁੱਕੀ ਹੈ ਤੇ ਉਹਦੇ ਵਿਰੁੱਧ ਰਿਸ਼ਵਤ ਦੇ ਮਾਮਲੇ ਪਹਿਲਾਂ ਤੋਂ ਚੱਲ ਰਹੇ ਹਨ ਤਾਂ ਜਸਵਿੰਦਰ ਨੂੰ ਐੱਸਐੱਚਓ ਕਿਹਦੇ ਕਹਿਣ 'ਤੇ ਲਾਇਆ ਗਿਆ? ਪ੍ਰਸ਼ਾਸਕ ਨੇ ਡੀਜੀਪੀ ਨੂੰ ਅਜਿਹੇ ਸਾਰੇ ਐੱਸਐੱਚਓਜ਼, ਜਿਨ੍ਹਾਂ ਉੱਤੇ ਰਿਸ਼ਵਤਖੋਰੀ ਦੇ ਕੇਸ ਚੱਲਦੇ ਹਨ, ਨੂੰ ਤਿੰਨ ਦਿਨਾਂ ਵਿਚ ਹਟਾਉਣ ਦੇ ਸਖ਼ਤ ਹੁਕਮ ਕੀਤੇ ਹਨ। ਇਸ ਤੋਂ ਪਹਿਲਾਂ ਵੀ ਅਨਲਾਕ-1 ਵੇਲੇ ਦੋ ਵੱਡੇ ਗੋਲੀ ਕਾਂਡਾਂ 'ਤੇ ਪ੍ਰਸ਼ਾਸਕ ਨੇ ਡੀਜੀਪੀ ਤੋਂ ਜਵਾਬ ਤਲ਼ਬ ਕਰ ਕੇ ਕੇਸ ਛੇਤੀ ਹੱਲ ਕਰਨ ਦੇ ਹੁਕਮ ਕੀਤੇ ਸਨ। ਇੰਸਪੈਕਟਰ ਜਸਵਿੰਦਰ ਦਾ ਮਾਮਲਾ ਉਜਾਗਰ ਹੋਣ ਮਗਰੋਂ ਚੰਡੀਗੜ੍ਹ ਪੁਲਿਸ ਦਾ ਅਕਸ ਬੇਹੱਦ ਖ਼ਰਾਬ ਹੋਇਆ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਘਟਨਾਕ੍ਰਮ ਮਗਰੋਂ ਪ੍ਰਸ਼ਾਸਕ ਨੇ ਡੀਜੀਪੀ ਸੰਜੇ ਬੈਨੀਵਾਲ ਸੱਦ ਲਿਆ ਤੇ ਅਜਿਹੇ ਦਾਗ਼ੀ ਇੰਸਪੈਕਟਰਾਂ ਨੂੰ ਐੱਸਐੱਚਓ ਲਾਉਣ ਨੂੰ ਲੈ ਕੇ ਜਵਾਬ ਤਲ਼ਬੀ ਕੀਤੀ ਹੈ। ਪ੍ਰਸ਼ਾਸਕ ਨੇ ਡੀਜੀਪੀ ਤੋਂ ਜਵਾਬ ਤਲ਼ਬ ਕੀਤਾ ਹੈ ਕਿ ਆਖ਼ਰ ਇਹੋ ਜਿਹੇ ਇੰਸਪੈਕਟਰਾਂ ਨੂੰ ਪਬਲਿਕ ਡੀਲਿੰਗ ਵਾਲੇ ਅਹੁਦੇ 'ਤੇ ਕਿਉਂ ਲਾਇਆ ਹੈ, ਜਿਨ੍ਹਾਂ ਉੱਤੇ ਅਦਾਲਤ ਰਿਸ਼ਵਤਖੋਰੀ ਮਾਮਲੇ ਵਿਚ ਸਖ਼ਤ ਕਾਰਵਾਈ ਕਰਨ ਲਈ ਆਖ ਚੁੱਕੀ ਹੈ। ਪ੍ਰਸ਼ਾਸਕ ਨੇ ਡੀਜੀਪੀ ਨੂੰ ਸ਼ਹਿਰ ਦੇ ਅਜਿਹੇ ਸਾਰੇ ਐੱਸਐੱਚਓਜ਼ ਨੂੰ ਤਿੰਨ ਦਿਨਾਂ ਵਿਚ ਹਟਾਉਣ ਲਈ ਕਿਹਾ ਹੈ, ਜਿਨ੍ਹਾਂ ਉੱਤੇ ਕਿਸੇ ਵੀ ਪੱਧਰ 'ਤੇ ਸ਼ਿਕਾਇਤ ਪੈਂਡਿੰਗ ਹੈ।

ਜਸਵਿੰਦਰ ਬਾਰੇ ਜਾਂਚ ਪੈਂਡਿੰਗ

ਪੁਲਿਸ ਮਹਿਕਮੇ ਨੇ ਇੰਸਪੈਕਟਰ ਜਸਵਿੰਦਰ ਕੌਰ ਨੂੰ ਮੁਅੱਤਲ ਕਰਨ ਦੇ ਨਾਲ ਉਹਦੇ ਬਾਰੇ ਖੁੱਲ੍ਹੀ ਵਿਭਾਗੀ ਜਾਂਚ ਵੀ ਪੈਂਡਿੰਗ ਪਈ ਹੈ। ਇਸ ਦੇ ਨਾਲ ਹੀ 30 ਜੂਨ ਨੂੰ ਜਸਵਿੰਦਰ ਨੇ ਮੈਡੀਕਲ ਲੀਵ ਲਈ ਅਪਲਾਈ ਕੀਤਾ ਸੀ ਪਰ ਹਾਲੇ ਤਕ ਮਹਿਕਮੇ ਵੱਲੋਂ ਜਸਵਿੰਦਰ ਦੀ ਮੈਡੀਕਲ ਛੁੱਟੀ ਪ੍ਰਵਾਨ ਨਹੀਂ ਕੀਤੀ ਗਈ ਹੈ। ਇਸ ਦੀ ਜਾਂਚ ਐੱਸਪੀ ਹੈੱਡ ਕੁਆਰਟਰ ਮਨੋਜ ਕੁਮਾਰ ਮੀਣਾ ਕਰ ਰਹੇ ਹਨ। ਮੰਗਲਵਾਰ ਤਾਈਂ ਤਫ਼ਤੀਸ਼ ਮੁਕੰਮਲ ਕਰ ਕੇ ਮਹਿਕਮੇ ਨੇ ਫ਼ੈਸਲਾ ਕਰਨਾ ਹੈ।