ਜੈ ਸਿੰਘ ਛਿੱਬਰ , ਚੰਡੀਗੜ੍ਹ : ਯੂਪੀ ਪੁਲਿਸ ਵੱਲੋਂ ਲੁਧਿਆਣਾ ਵਿਚ ਕੀਤੇ ਗਏ ਨੌਜਵਾਨ ਦੇ ਫ਼ਰਜ਼ੀ ਪੁਲਿਸ ਮੁਕਾਬਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਉੱਤਰ ਪ੍ਰਦੇਸ਼ ਦੇ 3 ਪੁਲਿਸ ਮੁਲਾਜ਼ਮਾਂ, ਜਿਨ੍ਹਾਂ ਵਿੱਚੋਂ 1 ਐੱਸਪੀ ਰੈਂਕ ਦਾ ਅਫਸਰ ਸ਼ਾਮਲ ਹੈ, ਸਮੇਤ 4 ਪੁਲਿਸ ਅਫ਼ਸਰਾਂ ਨੂੰ ਪੰਜਾਬ ਦੇ ਰਾਜਪਾਲ ਵੀਪੀ ਬਦਨੌਰ ਵੱਲੋਂ ਸਜ਼ਾ ਮਾਫ਼ੀ ਦੇਣ ਮਗਰੋਂ ਕਿੰਤੂ ਪ੍ਰੰਤੂ ਉੱਠਣ ਲੱਗੇ ਹਨ।

ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਸੂਬੇ ਦੇ ਰਾਜਪਾਲ ਨੇ ਸੰਵਿਧਾਨਕ ਮਰਿਆਦਾ ਤੋਂ ਉਲਟ ਜਾ ਕੇ 4 ਪੁਲਿਸ ਅਫ਼ਸਰਾਂ ਨੂੰ ਨੌਜਵਾਨ ਦੇ ਫ਼ਰਜ਼ੀ ਮੁਕਾਬਲੇ ਦੇ ਦੋਸ਼ ਵਿਚ ਸਜ਼ਾਯਾਫ਼ਤਾ ਕੈਦੀਆਂ ਦੀ ਸਜ਼ਾ ਮਾਫ਼ ਕੀਤੀ ਹੈ, ਜਦਕਿ ਪੀੜਤ ਪਰਿਵਾਰ ਨੂੰ ਨਿਆਂ ਲੈਣ ਲਈ ਕਰੀਬ 21 ਸਾਲ ਕਾਨੂੰਨੀ ਲੜਾਈ ਲੜਣੀ ਪਈ ਸੀ। ਉਨ੍ਹਾਂ ਕਿਹਾ ਕਿ ਰਾਜਪਾਲ ਪੰਜਾਬ ਨੇ ਕਿਨ੍ਹਾਂ ਹਾਲਤਾਂ ਵਿਚ ਸਿਰਫ਼ 4 ਸਾਲ ਜੇਲ੍ਹ ਕੱਟਣ ਵਾਲੇ ਕੈਦੀਆਂ ਦੀ ਸਜ਼ਾ ਮਾਫ਼ ਕੀਤੀ ਹੈ, ਇਸ ਬਾਰੇ ਰਾਜਪਾਲ, ਮੁੱਖ ਮੰਤਰੀ ਅਮਰਿੰਦਰ ਸਿੰਘ, ਡੀਜੀਪੀ ਪੰਜਾਬ ਤੇ ਡੀਜੀਪੀ ਜੇਲ੍ਹਾਂ ਨੂੰ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ।

ਖਹਿਰਾ ਨੇ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਹਾਰਨਮਾਜਰਾ ਦੇ ਹਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਦੀ ਅਕਤੂਬਰ 1993 ਵਿਚ ਫ਼ਰਜ਼ੀ ਪੁਲਿਸ ਮੁਕਾਬਲੇ ਵਿਚ ਲੁਧਿਆਣਾ ਵਿਚ ਹੱਤਿਆ ਕਰ ਦਿੱਤੀ ਗਈ ਸੀ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮ 'ਤੇ ਸੀਬੀਆਈ ਨੇ ਮਾਮਲੇ ਦੀ ਜਾਂਚ ਕੀਤੀ ਤੇ 'ਮੁਕਾਬਲਾ' ਫ਼ਰਜ਼ੀ ਪਾਇਆ ਸੀ। ਸੀਬੀਆਈ ਅਦਾਲਤ ਪਟਿਆਲਾ ਨੇ ਦਸੰਬਰ 2014 ਵਿਚ ਰਵਿੰਦਰ ਕੁਮਾਰ (ਐੱਸਪੀ), ਬਿ੍ਜ ਲਾਲ ਤੇ ਉਂਕਾਰ ਸਿੰਘ (ਤਿੰਨੇਂ ਯੂਪੀ ਪੁਲਿਸ) ਤੇ ਪੰਜਾਬ ਪੁਲਿਸ ਦੇ ਏਐੱਸਆਈ ਹਰਿੰਦਰ ਸਿੰਘ ਨੂੰ ਹਰਪ੍ਰੀਤ ਸਿੰਘ ਦੀ ਹੱਤਿਆ ਦੇ ਜੁਰਮ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

ਉਹ ਇਸ ਮਾਮਲੇ ਵਿਚ ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਨਾਲ ਗੱਲਬਾਤ ਕਰ ਕੇ ਸਰਬ ਪਾਰਟੀ ਮੀਟਿੰਗ ਕਰਨਗੇ। ਕਾਨੂੰਨੀ ਮਾਹਿਰਾਂ ਨਾਲ ਸਲਾਹ ਮਸ਼ਵਰਾ ਕਰ ਕੇ ਹੱਤਿਆ ਦੇ ਦੋਸ਼ੀਆਂ ਦੀ ਸਜ਼ਾ ਮਾਫ਼ੀ ਦਾ ਫੈਸਲਾ ਰੱਦ ਕਰਵਾਉਣ ਲਈ ਕਾਨੂੰਨੀ ਚਾਰਾਜੋਈ ਕਰਨਗੇ।