ਸਟੇਟ ਬਿਊਰੋ, ਚੰਡੀਗੜ੍ਹ : ਸੂਬਾ ਸਰਕਾਰ ਨੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਪੰਜ ਜ਼ਿਲਿ੍ਆਂ 'ਚ ਸ਼ੁੱਕਰਵਾਰ ਤੋਂ ਰੈਪਿਡ ਐਂਟੀਜਨ ਟੈਸਟਿੰਗ ਦਾ ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ਦੀ ਤਿਆਰੀ ਕਰ ਲਈ ਹੈ। ਇਸੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਪਲਾਜ਼ਮਾ ਥੇਰੈਪੀ ਦੇ ਇਲਾਜ ਦੀ ਸਹੂਲਤ ਲਈ ਪਲਾਜ਼ਮਾ ਬੈਂਕ ਦੀ ਸਥਾਪਨਾ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਹਾਲਾਂਕਿ ਆਈਸੀਐੱਮਆਰ ਦੇ ਟਰਾਇਲ ਪ੍ਰਾਜੈਕਟ ਦੇ ਤੌਰ 'ਤੇ ਸੂਬੇ ਦੇ ਸਰਕਾਰੀ ਹਸਪਤਾਲਾਂ 'ਚ ਪਲਾਜ਼ਮਾ ਥੇਰੈਪੀ ਨਾਲ ਇਲਾਜ ਪਹਿਲਾਂ ਹੀ ਕੀਤਾ ਜਾ ਰਿਹਾ ਹੈ।

ਸੂਬੇ 'ਚ ਕੋਵਿਡ ਦੀ ਸਥਿਤੀ ਸਬੰਧੀ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਮੀਟਿੰਗ ਦੀ ਅਗਵਾਈ ਕਰਦੇ ਹੋਏ ਮੁੱਖ ਮੰਤਰੀ ਨੇ ਬਲੱਡ ਬੈਂਕ ਤੇ ਟਰਾਂਸਫਿਊਜ਼ਨ ਮੈਡੀਸਨ ਦੇ ਸਾਬਕਾ ਮੁਖੀ ਨੀਲਿਮਾ ਮਰਵਾਹਾ ਦੀ ਨਿਗਰਾਨੀ 'ਚ ਪਲਾਜ਼ਮਾ ਬੈਂਕ ਸਥਾਪਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਪਲਾਜ਼ਮਾ ਬੈਂਕ ਤੋਂ ਗੰਭੀਰ ਬਿਮਾਰ ਰੋਗੀ ਪਲਾਜ਼ਮਾ ਨਾਲ ਮਰੀਜ਼ਾਂ ਦਾ ਵੱਡੇ ਪੱਧਰ 'ਤੇ ਇਲਾਜ ਕੀਤਾ ਜਾ ਸਕੇਗਾ। ਇਸ ਟਰਾਇਲ ਲਈ ਕੁਲ 15 ਮਰੀਜ਼ ਦਾਖ਼ਲ ਕੀਤੇ ਜਾ ਚੁੱਕੇ ਹਨ, ਜਿਨ੍ਹਾਂ 'ਚੋਂ ਅੱਠ ਨੂੰ ਪਲਾਜ਼ਮਾ ਦਿੱਤਾ ਗਿਆ ਹੈ, ਜਦਕਿ ਬਾਕੀ ਸੱਤ ਨੂੰ ਆਈਸੀਐੱਮਆਰ ਦੀ ਰੈਂਡਮ ਵਿਧੀ ਮੁਤਾਬਕ ਨਿਗਰਾਨੀ 'ਚ ਰੱਖਿਆ ਗਿਆ ਹੈ। ਪੰਜ ਮਰੀਜ਼ ਪੂਰੀ ਤਰ੍ਹਾਂ ਸਿਹਤਯਾਬ ਹੋ ਗਏ ਹਨ, ਜਿਨ੍ਹਾਂ ਨੂੰ ਛੇਤੀ ਹੀ ਘਰ ਭੇਜ ਦਿੱਤਾ ਜਾਵੇਗਾ। ਠੀਕ ਹੋਏ 300 ਮਰੀਜ਼ਾਂ 'ਚੋਂ ਹੁਣ ਤਕ 11 ਵਿਅਕਤੀਆਂ ਨੇ ਪਲਾਜ਼ਮਾ ਦਾਨ ਕੀਤਾ ਹੈ।

ਸੂਬੇ 'ਚ ਵੱਧ ਰਹੀਆਂ ਰੈਲੀਆਂ ਤੇ ਚਿੰਤਾ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਹ ਸਾਰੀਆਂ ਸਿਆਸੀ ਪਾਰਟੀਆਂ ਦੇ ਮੁਖੀਆਂ ਨੂੰ ਪੱਤਰ ਲਿਖ ਕੇ ਵੱਡੇ ਜਲਸੇ ਕਰਨ ਤੋਂ ਗੁਰੇਜ਼ ਕਰਨ ਲਈ ਕਹਿਣਗੇ। ਮੀਟਿੰਗ 'ਚ ਦੱਸਿਆ ਗਿਆ ਕਿ ਬੁੱਧਵਾਰ ਨੂੰ 258 ਮਾਮਲੇ ਸਾਹਮਣੇ ਆਏ ਹਨ। ਹੁਣ ਤਕ 11 ਪੀਸੀਐੱਸ ਅਫਸਰ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਦਫ਼ਤਰਾਂ ਦੇ ਸਟਾਫ ਨੂੰ ਖ਼ਾਸ ਤੌਰ 'ਤੇ ਧਿਆਨ ਰੱਖਣ ਦੀ ਲੋੜ ਹੈ। ਉਨ੍ਹਾਂ ਮੁੱਖ ਸਕੱਤਰ ਵਿੰਨੀ ਮਹਾਜਨ ਨੂੰ ਸਰਕਾਰੀ ਅਧਿਕਾਰੀਆਂ ਦੀ ਮੀਟਿੰਗ, ਹੋਰ ਦਫ਼ਤਰਾਂ 'ਚ ਜਾਣ ਸਬੰਧੀ ਨਿਰਧਾਰਤ ਸੰਚਾਲਨ ਵਿਧੀ (ਐੱਸਓਪੀ) ਜਾਰੀ ਕਰਨ ਲਈ ਕਿਹਾ।

ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਸਖ਼ਤੀ ਕਰਨ ਬਾਰੇ ਪੁਲਿਸ ਮੁਖੀ ਨੂੰ ਨਿਰਦੇਸ਼ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਚਲਾਨ ਕੱਟਣ 'ਚ ਕੋਈ ਨਰਮੀ ਨਾ ਵਰਤੀ ਜਾਵੇ। ਇਸ 'ਤੇ ਪੁਲਿਸ ਮੁਖੀ ਨੇ ਕਿਹਾ ਕਿ ਮਾਮਲਿਆਂ ਦੀ ਗਿਣਤੀ ਵਿਚ ਹੋ ਰਹੇ ਵਾਧੇ ਨੂੰ ਦੇਖਦੇ ਹੋਏ ਜੇਲ੍ਹਾਂ 'ਚ ਸੈਂਪਲ ਟੈਸਟਿੰਗ ਲਈ ਨਿਰਦੇਸ਼ ਦਿੱਤੇ ਜਾ ਚੁੱਕੇ ਹਨ।

ਡੀਜੀਪੀ ਨੇ ਕਿਹਾ ਕਿ ਪੰਜਾਬ ਆਉਣ ਵਾਲੇ ਯਾਤਰੀਆਂ ਲਈ ਸੋਮਵਾਰ ਅੱਧੀ ਰਾਤ ਤੋਂ ਸ਼ੁਰੂ ਕੀਤੀ ਗਈ ਈ-ਰਜਿਸਟ੍ਰੇਸ਼ਨ ਪ੍ਰਕਿਰਿਆ ਤਹਿਤ 31959 ਰਜਿਸਟ੍ਰੇਸ਼ਨਾਂ ਹੋ ਚੁੱਕੀਆਂ ਹਨ, ਜਿਨ੍ਹਾਂ 'ਚੋਂ 4277 ਹਾਟ ਸਪਾਟ ਤੋਂ ਹਨ।

ਗ੍ਰਹਿ ਸਕੱਤਰ ਸਤੀਸ਼ ਚੰਦਰ ਵੱਲੋਂ ਮੁੱਖ ਮੰਤਰੀ ਨੂੰ ਕਿਹਾ ਗਿਆ ਕਿ ਸੁਪਰੀਮ ਕੋਰਟ ਦੇ ਆਦੇਸ਼ਾਂ ਮੁਤਾਬਕ ਲਾਕਡਾਊਨ ਦੀ ਉਲੰਘਣਾ 'ਤੇ ਪਰਵਾਸੀ ਮਜ਼ਦੂਰਾਂ ਖ਼ਿਲਾਫ਼ ਦਰਜ ਐੱਫਆਈਆਰ ਰੱਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਤੋਂ ਪਹਿਲਾਂ ਡਾ. ਕੇ ਕੇ ਤਲਵਾੜ ਨੇ ਕਿਹਾ ਕਿ ਅੰਮਿ੍ਤਸਰ, ਜਲੰਧਰ, ਲੁਧਿਆਣਾ, ਮੋਹਾਲੀ ਤੇ ਪਟਿਆਲਾ ਜ਼ਿਲਿ੍ਆਂ 'ਚ ਰੈਪਿਡ ਐਂਟੀਜਨ ਟੈਸਟਿੰਗ 'ਚ ਪਾਇਲਟ ਪ੍ਰਾਜੈਕਟ ਸ਼ੁਰੂ ਹੋ ਜਾਵੇਗਾ। ਇਸ ਟੈਸਟ ਨਾਲ ਨਤੀਜੇ ਸਿਰਫ਼ 30 ਮਿੰਟ 'ਚ ਮਿਲ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨਿੱਜੀ ਹਸਪਤਾਲਾਂ 'ਚ ਰੇਟ ਤੈਅ ਕਰਨ ਦੇ ਬਾਰੇ ਦੋ ਬੈਠਕਾਂ ਹੋ ਚੁੱਕੀਆਂ ਹਨ। ਸੋਮਵਾਰ ਨੂੰ ਅਗਲੀ ਮੀਟਿੰਗ ਕਰ ਕੇ ਰੇਟ ਤੈਅ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਬੇਸ਼ੱਕ ਸੂਬੇ 'ਚ ਕੋਰੋਨਾ ਮਾਮਲਿਆਂ ਦੀ ਗਿਣਤੀ ਤੇ ਮੌਤ ਦਰ ਰਾਸ਼ਟਰੀ ਔਸਤ ਤੇ ਹੋਰਨਾਂ ਸੂਬਿਆਂ ਤੋਂ ਘੱਟ ਹੈ, ਪਰ ਕੋਵਿਡ ਦਾ ਫੈਲਾਅ ਚਿੰਤਾਜਨਕ ਹੈ। ਸੂਬੇ 'ਚ ਟੈਸਟਿੰਗ 'ਚ ਕੀਤੇ ਗਏ ਵਾਧੇ ਸਬੰਧੀ ਡਾ. ਤਲਵਾੜ ਨੇ ਕਿਹਾ ਕਿ 15 ਜ਼ਿਲ੍ਹਾ ਹਸਪਤਾਲਾਂ (ਬਰਨਾਲਾ, ਬਠਿੰਡਾ, ਫਾਜ਼ਿਲਕਾ, ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ, ਜਲੰਧਰ, ਕਪੂਰਥਲਾ, ਮਾਨਸਾ, ਮੋਗਾ, ਸੰਗਰੂਰ, ਮੁਕਤਸਰ, ਸ਼ਹੀਦ ਭਗਤ ਸਿੰਘ ਨਗਰ, ਲੁਧਿਆਣਾ ਤੇ ਰੋਪੜ) 'ਚ ਟਰੂਨੈੱਟ ਮਸ਼ੀਨਾਂ ਚੱਲ ਰਹੀਆਂ ਹਨ।

ਮੈਡੀਕਲ ਐਜੂਕੇਸ਼ਨ ਵਿਭਾਗ ਦੇ ਮੁਖੀ ਸਕੱਤਰ ਡੀ ਕੇ ਤਿਵਾੜੀ ਨੇ ਕਿਹਾ ਕਿ ਸੂਬੇ 'ਚ ਮੌਜੂਦਾ ਮੌਤ ਦਰ 2.6 ਫੀਸਦੀ ਹੈ, ਜਦਕਿ ਭਾਰਤ 'ਚ ਇਹ 2.8 ਫ਼ੀਸਦੀ ਹੈ। ਉਨ੍ਹਾਂ ਕਿਹਾ ਕਿ ਕੋਵਿਡ ਮਰੀਜ਼ਾਂ 'ਚ 70.8 ਫ਼ੀਸਦੀ ਬਿਨਾ ਲੱਛਣ ਵਾਲੇ ਹਨ, 14.7 ਫ਼ੀਸਦੀ ਘੱਟ ਪ੍ਰਭਾਵਿਤ, 8.8 ਫ਼ੀਸਦੀ ਦਰਮਿਆਨੇ ਪ੍ਰਭਾਵਿਤ ਤੇ 5.6 ਫ਼ੀਸਦੀ ਜ਼ਿਆਦਾ ਪ੍ਰਭਾਵਿਤ ਵਾਲੇ ਹਨ।