ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਕੌਮੀ ਤੇ ਕੌਮਾਂਤਰੀ ਪੱਧਰ 'ਤੇ ਮੱਲਾਂ ਮਾਰਨ ਵਾਲੇ ਪੰਜਾਬ ਦੇ ਖਿਡਾਰੀਆਂ ਨੂੰ ਸਮੇਂ ਸਿਰ ਉਨ੍ਹਾਂ ਦਾ ਬਣਦਾ ਮਾਣ-ਸਤਿਕਾਰ ਦੇਣ ਅਤੇ ਆਗਾਮੀ ਖੇਡਾਂ ਲਈ ਤਿਆਰੀਆਂ ਕਰ ਰਹੇ ਖਿਡਾਰੀਆਂ ਦੇ ਲੋੜੀਂਦੇ ਖ਼ਰਚਿਆਂ ਦੀ ਤੁਰੰਤ ਪੂਰਤੀ ਕਰਨ ਸਬੰਧੀ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀਆਂ ਹਦਾਇਤਾਂ ਮੁਤਾਬਕ ਖੇਡ ਵਿਭਾਗ ਵੱਲੋਂ ਸਮੂਹ ਜ਼ਿਲ੍ਹਾ ਖੇਡ ਅਫ਼ਸਰਾਂ ਨੂੰ ਸਮਾਂਬੱਧ ਤਰੀਕੇ ਨਾਲ ਕਾਰਵਾਈ ਕਰਨ ਦੇ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਖੇਡ ਅਫ਼ਸਰਾਂ ਨੂੰ 21 ਸਤੰਬਰ ਤਕ ਹਰ ਹਾਲ ਵਿਚ ਖਿਡਾਰੀਆਂ ਦੇ ਮੁਕੰਮਲ ਵੇਰਵੇ ਮੁੱਖ ਦਫ਼ਤਰ ਨੂੰ ਭੇਜਣ ਲਈ ਪਾਬੰਦ ਕੀਤਾ ਗਿਆ ਹੈ।

ਇੱਥੇ ਜਾਰੀ ਬਿਆਨ ਵਿਚ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਮੱਲਾਂ ਮਾਰ ਚੁੱਕੇ ਕਈ ਖਿਡਾਰੀ ਜ਼ਿਲ੍ਹਾ ਪੱਧਰ 'ਤੇ ਖੇਡ ਅਫ਼ਸਰਾਂ ਅਤੇ ਖਿਡਾਰੀਆਂ ਦਰਮਿਆਨ ਆਪਸੀ ਤਾਲਮੇਲ ਦੀ ਘਾਟ ਕਾਰਨ ਪੰਜਾਬ ਸਰਕਾਰ ਦੀ ਖੇਡ ਨੀਤੀ-2018 ਤਹਿਤ ਮਹਾਰਾਜਾ ਰਣਜੀਤ ਸਿੰਘ ਖੇਡ ਪੁਰਸਕਾਰਾਂ ਅਤੇ ਹੋਰ ਰਿਆਇਤਾਂ ਤੇ ਸਹੂਲਤਾਂ ਤੋਂ ਵਾਂਝੇ ਰਹਿ ਗਏ ਹਨ। ਇਸ ਲਈ ਸਮੂਹ ਜ਼ਿਲ੍ਹਾ ਖੇਡ ਅਫ਼ਸਰਾਂ ਨੂੰ ਅਜਿਹੇ ਖਿਡਾਰੀਆਂ ਬਾਰੇ ਮੁਕੰਮਲ ਵੇਰਵੇ ਸਮਾਂਬੱਧ ਢੰਗ ਨਾਲ ਮੁੱਖ ਦਫ਼ਤਰ ਚੰਡੀਗੜ੍ਹ ਨੂੰ 21 ਸਤੰਬਰ ਤਕ ਭੇਜਣ ਦੀਆਂ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਹਨ।

ਖੇਡ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਖੇਡ ਨੀਤੀ-2018 ਤਹਿਤ ਪਿਛਲੇ ਵਰ੍ਹੇ ਪੁਰਾਣੇ ਦਿੱਗਜ਼ ਖਿਡਾਰੀਆਂ ਸਣੇ 101 ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਪਿਛਲੇ ਦਿਨੀਂ ਸੂਬੇ ਦੀ ਖੇਡ ਨੀਤੀ 'ਚ ਬਦਲਾਅ ਕਰ ਕੇ ਧਿਆਨ ਚੰਦ ਤੇ ਦਰੋਣਾਚਾਰੀਆ ਪੁਰਸਕਾਰ ਜੇਤੂ ਖਿਡਾਰੀਆਂ ਨੂੰ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਨਵੇਂ ਐਲਾਨ ਤੋਂ ਬਾਅਦ ਰਾਜ ਖੇਡ ਪੁਰਸਕਾਰਾਂ ਲਈ ਸਾਰੇ ਯੋਗ ਖਿਡਾਰੀਆਂ ਨੂੰ ਕਵਰ ਕਰਨ ਦੇ ਮਨਸ਼ੇ ਨਾਲ ਇਹ ਕਾਰਵਾਈ ਆਰੰਭੀ ਗਈ ਹੈ।

ਖੇਡ ਡਾਇਰੈਕਟਰ ਡੀਪੀਐੱਸ ਖਰਬੰਦਾ ਨੇ ਦੱਸਿਆ ਕਿ ਜ਼ਿਲ੍ਹਾ ਖੇਡ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਕੌਮਾਂਤਰੀ ਪੱਧਰ 'ਤੇ ਮੱਲਾਂ ਮਾਰਨ ਵਾਲੇ ਤੇ ਕੌਮਾਂਤਰੀ ਪੱਧਰ ਦੇ ਆਗਾਮੀ ਟੂਰਨਾਮੈਂਟਾਂ ਲਈ ਤਿਆਰੀਆਂ ਕਰ ਰਹੇ ਖਿਡਾਰੀਆਂ, ਉਨ੍ਹਾਂ ਦੀ ਖੇਡ ਵੰਨਗੀ, ਜਿੱਤੇ ਗਏ ਇਨਾਮਾਂ ਦੀ ਗਿਣਤੀ, ਰਾਜ ਪੁਰਸਕਾਰਾਂ ਲਈ ਯੋਗਤਾ ਆਦਿ ਦੇ ਵੇਰਵੇ ਫ਼ੌਰੀ ਤੌਰ 'ਤੇ ਭੇਜਣ। ਖਿਡਾਰੀਆਂ ਕੋਲੋਂ ਨਿਰਧਾਰਤ ਪ੍ਰੋਫ਼ਾਰਮੇ ਵਿਚ ਮੁਕੰਮਲ ਜਾਣਕਾਰੀ ਭਰਵਾ ਕੇ ਇਹ ਰਿਪੋਰਟ ਵਿਸ਼ੇਸ਼ ਹਰਕਾਰੇ ਰਾਹੀਂ ਮੁੱਖ ਦਫ਼ਤਰ ਪੁੱਜਦੀ ਕਰਨ।