ਸੀਨੀਅਰ ਰਿਪੋਰਟਰ, ਐੱਸਏਐੱਸ ਨਗਰ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿੱਢੀ 'ਘਰ-ਘਰ ਰੁਜ਼ਗਾਰ ਮੁਹਿੰਮ ਤਹਿਤ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਜ਼ਿਲ੍ਹਾ ਪ੍ਬੰਧਕੀ ਕੰਪਲੈਕਸ ਵਿਖੇ ਪਲੇਸਮੈਂਟ ਕੈਂਪ ਲਗਾਇਆ ਗਿਆ। ਇਸ ਪਲੇਸਮੈਂਟ ਕੈਂਪ ਵਿਚ ਬਤੌਰ ਮੁੱਖ ਮਹਿਮਾਨ ਜ਼ਿਲ੍ਹਾ ਰੁਜ਼ਗਾਰ ਅਫਸਰ ਹਰਪ੍ਰੀਤ ਕੌਰ ਬਰਾੜ ਨੇ ਸ਼ਿਰਕਤ ਕੀਤੀ।

ਪਲੇਸਮੈਂਟ ਕੈਂਪ ਦਾ ਲਾਭ ਲੈਣ ਲਈ ਪੁੱਜੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਰੁਜ਼ਗਾਰ ਅਫਸਰ ਨੇ ਕਿਹਾ ਕਿ ਨੌਜਵਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਘਰ-ਘਰ ਰੁਜ਼ਗਾਰ ਮੁਹਿੰਮ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ ਅਤੇ ਇਨ੍ਹਾਂ ਰੁਜ਼ਗਾਰ ਮੇਲਿਆਂ ਵਿਚ ਮਿਲਦੇ ਮੌਕਿਆਂ ਦਾ ਲਾਹਾ ਲੈ ਕੇ ਆਪਣੇ ਪੈਰਾਂ 'ਤੇ ਖੜ੍ਹੇ ਹੋਣਾ ਚਾਹੀਦਾ ਹੈ।

ਇਸ ਪਲੇਸਮੈਂਟ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੁਜ਼ਗਾਰ ਅਫਸਰ ਨੇ ਦੱਸਿਆ ਕਿ ਅੱਜ ਦੇ ਇਸ ਕੈਂਪ ਵਿਚ ਏਟੂਆਈਟੀ ਪ੍ਾਈਵੇਟ ਲਿਮਿਟਡ ਕੰਪਨੀ ਨੇ ਹਿੱਸਾ ਲਿਆ ਅਤੇ 23 ਨੌਜਵਾਨ ਰੋਜ਼ਗਾਰ ਪ੍ਾਪਤ ਕਰਨ ਲਈ ਇੰਟਰਵਿਊ ਦੇਣ ਲਈ ਪੁੱਜੇ ਸਨ, ਜਿਨ੍ਹਾਂ 'ਚੋਂ 12 ਨੂੰ ਨੌਕਰੀ ਲਈ ਸ਼ਾਰਟਲਿਸਟ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਕੈਪਟਨ ਸਰਕਾਰ ਵਲੋਂ ਨੌਜਵਾਨਾਂ ਨੁੂੰ ਰੁਜ਼ਗਾਰ ਮੁਹੱਈਆ ਕਰਵਾਉਣ ਅਤੇ ਆਤਮ ਨਿਰਭਰ ਬਣਾਉਣ ਲਈ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਦੇ ਸਾਰਥਕ ਸਿੱਟੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਘਰ ਘਰ ਰੁਜ਼ਗਾਰ ਮੁਹਿੰਮ ਤਹਿਤ ਇਸ ਸਾਲ ਜ਼ਿਲ੍ਹੇ ਵਿਚ 13 ਫਰਵਰੀ ਤੋਂ 21 ਫਰਵਰੀ ਤਕ ਰੁਜ਼ਗਾਰ ਮੇਲੇ ਲਗਾਏ ਜਾਣਗੇ। ਪਹਿਲਾ ਰੁਜ਼ਗਾਰ ਮੇਲਾ 13 ਫਰਵਰੀ ਨੂੰ ਸਰਕਾਰੀ ਕਾਲਜ ਡੇਰਾਬੱਸੀ ਵਿਖੇ ਲਗਾਇਆ ਜਾ ਰਿਹਾ ਹੈ ਜਦਕਿ ਦੂਜਾ ਰੁਜ਼ਗਾਰ ਮੇਲਾ 15 ਫਰਵਰੀ ਨੂੰ ਰਤਨ ਗਰੁੱਪ ਆਫ ਇੰਸਟੀਚਿਊਟਸ ਸੈਕਟਰ-78 ਸੋਹਾਣਾ, ਮੋਹਾਲੀ ਵਿਖੇ ਆਯੋਜਿਤ ਕੀਤਾ ਜਾਵੇਗਾ। ਇਸੇ ਤਰ੍ਹਾਂ ਤੀਸਰਾ ਰੁਜ਼ਗਾਰ ਮੇਲਾ 18 ਫ਼ਰਵਰੀ ਨੂੰ ਜ਼ਿਲ੍ਹਾ ਪ੍ਬੰਧਕੀ ਕੰਪਲੈਕਸ ਸੈਕਟਰ -76 ਵਿਖੇ ਸਥਿਤ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਦਫ਼ਤਰ ਵਿਖੇ ਲਗਾਇਆ ਜਾਵੇਗਾ ਅਤੇ ਚੌਥੇ ਰੁਜ਼ਗਾਰ ਮੇਲੇ ਦਾ ਆਯੋਜਨ 21 ਫ਼ਰਵਰੀ ਨੂੰ ਸਵਾਮੀ ਵਿਵੇਕਾਨੰਦ ਇੰਸਟੀਚਿਊਟ ਆਫ ਇੰਜੀਨੀਅਰਿੰਗ ਅਤੇ ਟੈਕਨਾਲੋਜੀ ਵਿਖੇ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰੁਜ਼ਗਾਰ ਮੇਲਿਆਂ ਵਿੱਚ ਮਹਿੰਦਰਾ ਐਂਡ ਮਹਿੰਦਰਾ (ਸਵਰਾਜ ਡਵੀਜ਼ਨ), ਰਾਣਾ ਪੋਲੀਟੈੱਕ, ਗੋਦਰੇਜ ਅਤੇ ਨਾਹਰ ਸਪੀਨਿੰਗ ਵਰਗੀਆਂ ਵੱਡੀਆਂ ਕੰਪਨੀਆਂ ਪਹੁੰਚ ਰਹੀਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਇਨ੍ਹਾਂ ਰੁਜ਼ਗਾਰ ਮੇਲਿਆਂ ਵਿਚ ਪੁੱਜ ਕੇ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ।