ਜ. ਸ., ਚੰਡੀਗੜ੍ਹ : ਨਾਬਾਲਿਗਾ ਨਾਲ ਜਬਰ-ਜ਼ਨਾਹ ਦੇ ਮਾਮਲੇ 'ਚ ਮੁਲਜ਼ਮ ਨੂੰ ਜ਼ਿਲਾ ਅਦਾਲਤ ਨੇ ਪਿਤਾ ਦੇ ਅੰਤਿਮ ਸੰਸਕਾਰ ਲਈ ਕੁਝ ਘੰਟਿਆਂ ਦੀ ਇਜ਼ਾਜਤ ਦਿੱਤੀ ਸੀ, ਜਿਸਤੋਂ ਬਾਅਦ ਉਸਨੂੰ ਦੋਬਾਰਾ ਜੇਲ ਭੇੇਜ ਦਿੱਤਾ ਗਿਆ। ਮੌਲੀਜਾਗਰਾਂ ਦੇ ਰਹਿਣ ਵਾਲੇ 20 ਸਾਲਾ ਅਕਸ਼ੈ 'ਤੇ ਨਾਬਾਲਿਗ ਲੜਕੀ ਨਾਲ ਜਬਰ-ਜ਼ਨਾਹ ਕਰਨ 'ਤੇ ਧਮਕੀਆਂ ਦੇਣ ਦਾ ਦੋਸ਼ ਹੈ। ਉਸਦੇ ਖਿਲਾਫ ਮੌਲੀਜਾਗਰਾਂ ਥਾਣਾ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ। 27 ਮਾਰਚ ਨੂੰ ਉਸਦੀ ਗਿ੍ਫਤਾਰੀ ਹੋਈ ਸੀ, ਜਿਸ ਤੋਂ ਬਾਅਦ ਉਹ ਜੇਲ 'ਚ ਬੰਦ ਹੈ।

ਅੱਜ ਉਸਦੇ ਵਕੀਲ ਸੁਦੇਸ਼ ਕੁਮਾਰ ਵੱਲੋਂ ਕੋਰਟ 'ਚ ਜ਼ਮਾਨਤ ਅਰਜ਼ੀ ਦਾਇਰ ਕੀਤੀ ਗਈ ਸੀ, ਜਿਸ 'ਚ ਅਕਸ਼ੈ ਦੇ ਪਿਤਾ ਦੀ ਮੌਤ ਬਾਰੇ ਜ਼ਿਕਰ ਕੀਤਾ ਗਿਆ ਸੀ ਕਿ ਉਸ ਨੇ ਆਪਣੇ ਪਿਤਾ ਦੇ ਅੰਤਿਮ ਸੰਸਕਾਰ 'ਚ ਹਿੱਸਾ ਲੈਣਾ ਹੈ। ਦਲੀਲਾਂ ਸੁਣਨ ਤੋਂ ਬਾਅਦ ਕੋਰਟ ਵਲੋਂ ਨਿਰਦੇਸ਼ ਦਿੱਤੇ ਗਏ ਸਨ ਕਿ ਮੁਲਜ਼ਮ ਨੂੰ ਪੁਲਿਸ ਕਸਟਡੀ 'ਚ ਸ਼ਮਸ਼ਾਨਘਾਟ ਤਕ ਲਿਜਾਇਆ ਜਾਵੇ ਅਤੇ ਸਸਕਾਰ ਤੋਂ ਬਾਅਦ ਵਾਪਿਸ ਜੇਲ 'ਚ ਛੱਡ ਦਿੱਤਾ ਜਾਵੇ।