ਜੈ ਸਿੰਘ ਛਿੱਬਰ, ਚੰਡੀਗੜ੍ਹ : ਸੁਪਰੀਮ ਕੋਰਟ ਦੇ ਉੱਘੇ ਵਕੀਲ ਤੇ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਐੱਚਐੱਸ ਫੂਲਕਾ ਨੇ ਕੋਟਕਪੂਰਾ ਮਾਮਲੇ ਦੀ ਜਾਂਚ ਲਈ ਬਣੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦੇ ਮੈਂਬਰਾਂ ਵੱਲੋਂ ਕੀਤੀ ਜਾਂਚ 'ਤੇ ਸਵਾਲ ਖੜ੍ਹੇ ਕਰਦਿਆਂ ਚੀਫ ਵਿਜੀਲੈਂਸ ਕਮਿਸ਼ਨਰ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਫੂਲਕਾ ਨੇ ਕਾਂਗਰਸੀ ਆਗੂਆਂ ਨੂੰ ਭੇਜੇ ਪੱਤਰ ਵਿਚ ਸਰਕਾਰ 'ਤੇ ਚੀਫ ਵਿਜੀਲੈਂਸ ਕਮਿਸ਼ਨਰ ਤੋਂ ਜਾਂਚ ਕਰਵਾਉਣ ਤੇ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦੇਣ ਦੀ ਬਜਾਏ ਨਵੀਂ ਐੱਸਆਈਟੀ ਬਣਾਉਣ ਲਈ ਮੁੱਖ ਮੰਤਰੀ 'ਤੇ ਦਬਾਅ ਪਾਉਣ ਦੀ ਅਪੀਲ ਕੀਤੀ ਹੈ।

ਫੂਲਕਾ ਨੇ ਕਿਹਾ ਕਿ ਅਗਸਤ 2018 ਵਿਚ ਵਿਧਾਨ ਸਭਾ ਵਿਚ ਹੋਈ ਬਹਿਸ ਦੌਰਾਨ ਉਨ੍ਹਾਂ ਮਤਿਆ ਵਿਚ ਕਾਨੂੰਨੀ ਖਾਮੀਆਂ ਛੱਡਣ ਤੇ ਮੁਲਜ਼ਮਾਂ ਵਲੋਂ ਫਾਇਦਾ ਉਠਾਉਣ ਦੀ ਗੱਲ ਕਹੀ ਸੀ। ਉਸ ਵੇਲੇ ਕਾਂਗਰਸੀ ਲੀਡਰਾਂ ਨੇ ਗੱਲ ਸੁਣਨ ਤੇ ਸਮਝਣ ਦੀ ਬਜਾਏ ਇਲਜ਼ਾਮ ਲਾਉਣੇ ਸੁਰੂ ਕਰ ਦਿੱਤੇ, ਜਿਸ ਦੇ ਰੋਸ ਵਜੋਂ ਉਨ੍ਹਾਂ ਐੱਮਐੱਲਏ ਵਜੋਂ ਅਸਤੀਫ਼ਾ ਦੇ ਦਿੱਤਾ ਸੀ।

ਫੂਲਕਾ ਨੇ ਕਿਹਾ ਕਿ ਜਾਂਚ ਰਿਪੋਰਟ 'ਤੇ ਕੁੰਵਰ ਵਿਜੇਪ੍ਰਤਾਪ ਸਿੰਘ ਤੋਂ ਬਿਨਾਂ ਬਾਕੀ ਮੈਂਬਰਾਂ ਨੇ ਦਸਤਖ਼ਤ ਨਹੀਂ ਕੀਤੇ। ਕਾਂਗਰਸ ਸਰਕਾਰ ਜਵਾਬ ਦੇਵੇ ਕਿ ਐੱਸਆਈਟੀ ਦੇ ਦੂਜੇ ਮੈਂਬਰਾਂ ਨੇ ਰਿਪੋਰਟ 'ਤੇ ਦਸਤਖ਼ਤ ਕਿਉਂ ਨਹੀ ਕੀਤੇ? ਉਨ੍ਹਾਂ ਕਿਹਾ ਕਿ ਹਾਈਕੋਰਟ ਨੇ ਐੱਸਆਈਟੀ ਦੇ ਸਾਰੇ ਮੈਂਬਰਾਂ ਨੂੰ ਪਾਰਟੀ ਬਣਾਇਆ ਪਰ ਕੁੰਵਰ ਤੋਂ ਬਿਨਾਂ ਕਿਸੇ ਹੋਰ ਮੈਂਬਰ ਨੇ ਹਾਈ ਕੋਰਟ ਵਿਚ ਹਲਫ਼ੀਆ ਬਿਆਨ ਨਹੀਂ ਦਿੱਤੇ, ਜਿਸ ਨੂੰ ਮੁਲਜ਼ਮ ਧਿਰ ਨੇ ਵਰਤਿਆ ਤੇ ਕਿਹਾ ਕਿ ਉਹ ਮੈਂਬਰ ਕੁੰਵਰ ਦੀ ਰਿਪੋਰਟ ਨਾਲ ਸਹਿਮਤ ਨਹੀਂ ਹਨ ਇਸ ਕਰ ਕੇ ਬਾਕੀ ਸਿਟ ਮੈਂਬਰਾਂ ਨੇ ਐਫੀਡੈਵਿਟ ਨਹੀਂ ਦਿੱਤੇ।

ਉਨ੍ਹਾਂ ਕਿਹਾ ਕਿ ਚੀਫ ਵਿਜਲੈਂਸ ਕਮਿਸਨਰ ਜਸਟਿਸ ਮਹਿਤਾਬ ਸਿੰਘ ਗਿੱਲ ਨੂੰ ਇਸ ਕੇਸ ਦੀ ਕਾਰਵਾਈ ਸੌਂਪੀ ਜਾਵੇ ਤੇ ਉਹ ਸਰਕਾਰ ਨੂੰ ਸਲਾਹ ਦੇਣ ਕਿ ਸਰਕਾਰ ਦੀ ਕਾਨੂੰਨੀ ਟੀਮ ਕਿਸ ਤਰੀਕੇ ਨਾਲ ਚੱਲੇ ਤੇ ਜਾਂਚ ਵੀ ਜਸਟਿਸ ਗਿੱਲ ਦੀ ਨਿਗਰਾਨੀ ਹੇਠ ਹੋਵੇ।