style="text-align: justify;"> ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਵਿਧਾਇਕਾਂ ਦੇ ਫ਼ੋਨ ਟੈਪਿੰਗ ਦਾ ਮਾਮਲਾ ਸਪੀਕਰ ਰਾਣਾ ਕੇਪੀ ਸਿੰਘ ਕੋਲ ਉਠਾਇਆ ਹੈ। ਚੀਮਾ ਨੇ ਕਿਹਾ ਕਿ ਕਿਸੇ ਦਾ ਵੀ ਫ਼ੋਨ ਟੈਪ ਕਰਾਉਣਾ ਉਸ ਦੀ ਨਿੱਜਤਾ ਦੇ ਅਧਿਕਾਰ ਦਾ ਹਨਨ ਹੈ। ਜੇਕਰ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਜਨਤਾ ਦੇ ਚੁਣੇ ਹੋਏ ਸੱਤਾਧਾਰੀ ਧਿਰ ਦੇ ਵਿਧਾਇਕਾਂ ਦੇ ਵੀ ਫ਼ੋਨ ਟੈਪ ਕਰ ਰਹੀ ਹੈ, ਇਹ ਹੋਰ ਵੀ ਸੰਗੀਨ ਮਾਮਲਾ ਹੈ। ਚੀਮਾ ਨੇ ਦੱਸਿਆ ਕਿ 20 ਨਵੰਬਰ ਨੂੰ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਪਟਿਆਲਾ ਦੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਲਈ ਗਈ ਬੈਠਕ 'ਚ ਹਰਦਿਆਲ ਸਿੰਘ ਕੰਬੋਜ (ਰਾਜਪੁਰਾ), ਨਿਰਮਲ ਸਿੰਘ (ਸ਼ੁਤਰਾਣਾ), ਮਦਨ ਲਾਲ ਜਲਾਲਪੁਰ (ਘਨੌਰ) ਤੇ ਕਾਕਾ ਰਜਿੰਦਰ ਸਿੰਘ (ਸਮਾਣਾ) ਵੱਲੋਂ ਆਪਣੀ ਹੀ ਸਰਕਾਰ 'ਤੇ ਫ਼ੋਨ ਟੈਪਿੰਗ ਦੇ ਗੰਭੀਰ ਦੋਸ਼ ਲਗਾਏ ਹਨ। ਚੀਮਾ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਕੋਲੋਂ ਜਾਂਚ ਕਰਵਾਈ ਜਾਵੇ, ਕਿਉਂਕਿ ਵਿਰੋਧੀ ਧਿਰ ਦੇ ਵਿਧਾਇਕਾਂ ਦੇ ਵੀ ਫ਼ੋਨ ਟੈਪ ਹੋ ਰਹੇ ਹਨ।