- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਡਨੀ ਰੋਗੀਆਂ ਨੂੰ ਆਪਣੇ ਸ਼ਹਿਰ ਦੇ ਨੇੜੇ ਬਿਹਤਰ ਟਰਾਂਸਪਲਾਂਟ ਸਹੂਲਤਾਂ ਉਪਲਬਧ ਕਰਵਾਉਣ ਦੀ ਦਿਸ਼ਾ ਵਿਚ ਪੀਜੀਆਈ ਨੇ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਹੈ। ਪੀਜੀਆਈ ਨੇ ਪੰਜਾਬ ਦੇ ਪਟਿਆਲਾ ਸਥਿਤ ਸਰਕਾਰੀ ਮੈਡੀਕਲ ਕਾਲਜ (ਜੀਐਮਸੀ) ਅਤੇ ਰਾਜਿੰਦਰਾ ਹਸਪਤਾਲ ਵਿਚ ਰੀਨਲ (ਕਿਡਨੀ) ਟਰਾਂਸਪਲਾਂਟ ਪ੍ਰੋਗਰਾਮ ਸ਼ੁਰੂ ਕਰਨ ਲਈ ਉੱਥੋਂ ਦੀ ਮੈਡੀਕਲ ਟੀਮ ਨੂੰ ਵਿਸ਼ੇਸ਼ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਹੈ।

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਕਿਡਨੀ ਰੋਗੀਆਂ ਨੂੰ ਆਪਣੇ ਸ਼ਹਿਰ ਦੇ ਨੇੜੇ ਬਿਹਤਰ ਟਰਾਂਸਪਲਾਂਟ ਸਹੂਲਤਾਂ ਉਪਲਬਧ ਕਰਵਾਉਣ ਦੀ ਦਿਸ਼ਾ ਵਿਚ ਪੀਜੀਆਈ ਨੇ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਹੈ। ਪੀਜੀਆਈ ਨੇ ਪੰਜਾਬ ਦੇ ਪਟਿਆਲਾ ਸਥਿਤ ਸਰਕਾਰੀ ਮੈਡੀਕਲ ਕਾਲਜ (ਜੀਐਮਸੀ) ਅਤੇ ਰਾਜਿੰਦਰਾ ਹਸਪਤਾਲ ਵਿਚ ਰੀਨਲ (ਕਿਡਨੀ) ਟਰਾਂਸਪਲਾਂਟ ਪ੍ਰੋਗਰਾਮ ਸ਼ੁਰੂ ਕਰਨ ਲਈ ਉੱਥੋਂ ਦੀ ਮੈਡੀਕਲ ਟੀਮ ਨੂੰ ਵਿਸ਼ੇਸ਼ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਪਹਿਲ ਦਾ ਉਦੇਸ਼ ਪਟਿਆਲਾ ਵਿਚ ਕਿਡਨੀ ਟਰਾਂਸਪਲਾਂਟ ਸੇਵਾਵਾਂ ਨੂੰ ਵਿਕਸਤ ਕਰਨਾ ਅਤੇ ਅੰਗ ਟਰਾਂਸਪਲਾਂਟ ਦਾ ਮਜ਼ਬੂਤ ਨੈੱਟਵਰਕ ਤਿਆਰ ਕਰਨਾ ਹੈ। ਇਹ ਸਿਖਲਾਈ ਖੇਤਰੀ ਅੰਗ ਅਤੇ ਟਿਸ਼ੂ ਟਰਾਂਸਪਲਾਂਟ ਸੰਗਠਨ (ਰੋਟੋ ਨਾਰਥ) ਰਾਹੀਂ ਦਿੱਤੀ ਜਾ ਰਹੀ ਹੈ।
ਜੀਐਮਸੀ ਪਟਿਆਲਾ ਨੂੰ ਹਾਲ ਹੀ ਵਿਚ ਰੀਨਲ ਟਰਾਂਸਪਲਾਂਟ ਪ੍ਰੋਗਰਾਮ ਸ਼ੁਰੂ ਕਰਨ ਦੀ ਮਨਜ਼ੂਰੀ ਮਿਲੀ ਹੈ। ਇਸ ਤੋਂ ਬਾਅਦ ਪੀਜੀਆਈ ਨੇ ਉੱਥੇ ਦੇ ਸਿਹਤ ਕਰਮਚਾਰੀਆਂ ਨੂੰ ਤਕਨੀਕੀ ਮਾਰਗਦਰਸ਼ਨ ਅਤੇ ਵਿਹਾਰਕ ਸਿਖਲਾਈ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਸੰਭਾਲੀ ਹੈ। ਸਿਖਲਾਈ ਪ੍ਰੋਗਰਾਮ ਤਹਿਤ ਦੋ ਨਰਸਿੰਗ ਅਧਿਕਾਰੀਆਂ ਨੂੰ 9 ਤੋਂ 20 ਜੂਨ ਤੱਕ ਦੋ ਹਫ਼ਤਿਆਂ ਦੀ ਰੀਨਲ ਟਰਾਂਸਪਲਾਂਟ ਕੋਆਰਡੀਨੇਟਰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਨਰਸਿੰਗ ਅਧਿਕਾਰੀਆਂ ਦੀ ਇੱਕ ਟੀਮ 9 ਤੋਂ 13 ਜੂਨ ਤੱਕ ਇੱਕ ਹਫ਼ਤੇ ਦੇ ਡੂੰਘੇ ਸਿਖਲਾਈ ਪ੍ਰੋਗਰਾਮ ਵਿਚ ਹਿੱਸਾ ਲੈ ਰਹੀ ਹੈ। ਇਸ ਪ੍ਰੋਗਰਾਮ ਦਾ ਤਾਲਮੇਲ ਪੀਜੀਆਈ ਦੇ ਰੀਨਲ ਟਰਾਂਸਪਲਾਂਟ ਸਰਜਰੀ ਵਿਭਾਗ ਦੇ ਵਧੀਕ ਪ੍ਰੋਫੈਸਰ ਡਾ. ਸਰਬਪ੍ਰੀਤ ਸਿੰਘ ਕਰ ਰਹੇ ਹਨ।
ਪੀਜੀਆਈ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਕਿਹਾ ਕਿ ਇੱਕ ਪ੍ਰਮੁੱਖ ਸਿਹਤ ਅਤੇ ਸਿੱਖਿਆ ਸੰਸਥਾ ਵਜੋਂ ਪੀਜੀਆਈ ਦੀ ਜ਼ਿੰਮੇਵਾਰੀ ਸਿਰਫ਼ ਸਫਲ ਟਰਾਂਸਪਲਾਂਟ ਕਰਨਾ ਹੀ ਨਹੀਂ, ਸਗੋਂ ਹੋਰ ਸੰਸਥਾਵਾਂ ਨੂੰ ਵੀ ਇਸ ਦਿਸ਼ਾ ਵਿਚ ਸਮਰੱਥ ਬਣਾਉਣਾ ਹੈ। ਸਿਖਲਾਈ ਅਤੇ ਮਾਹਿਰਤਾ ਸਾਂਝੀ ਕਰਕੇ ਖੇਤਰ ਵਿਚ ਆਤਮਨਿਰਭਰ ਟਰਾਂਸਪਲਾਂਟ ਕੇਂਦਰ ਵਿਕਸਤ ਕੀਤੇ ਜਾ ਰਹੇ ਹਨ, ਜਿਸ ਨਾਲ ਮਰੀਜ਼ਾਂ ਨੂੰ ਆਪਣੇ ਘਰ ਦੇ ਨੇੜੇ ਹੀ ਬਿਹਤਰ ਸਹੂਲਤਾਂ ਮਿਲ ਸਕਣਗੀਆਂ।
ਰੋਟੋ ਨਾਰਥ ਦੇ ਨੋਡਲ ਅਧਿਕਾਰੀ ਡਾ. ਵਿਜੇ ਤਾੜਿਆ ਨੇ ਦੱਸਿਆ ਕਿ ਸਫਲ ਅੰਗ ਟਰਾਂਸਪਲਾਂਟ ਲਈ ਟ੍ਰੇਂਡ ਟੀਮ ਅਤੇ ਮਜ਼ਬੂਤ ਢਾਂਚਾਗਤ ਪ੍ਰਬੰਧ ਬਹੁਤ ਜ਼ਰੂਰੀ ਹਨ। ਰੋਟੋ ਲਗਾਤਾਰ ਵੱਖ-ਵੱਖ ਹਸਪਤਾਲਾਂ ਨੂੰ ਸਿਖਲਾਈ ਅਤੇ ਤਕਨੀਕੀ ਸਹਿਯੋਗ ਪ੍ਰਦਾਨ ਕਰ ਰਿਹਾ ਹੈ।
ਸਿਖਲਾਈ ਦੌਰਾਨ ਭਾਗੀਦਾਰਾਂ ਨੂੰ ਡੋਨਰ ਅਤੇ ਮਰੀਜ਼ਾਂ ਦੇ ਮੁਲਾਂਕਣ, ਟਰਾਂਸਪਲਾਂਟ ਕੋਆਰਡੀਨੇਸ਼ਨ, ਲੈਬ ਅਤੇ ਇਮਿਊਨੋਲੋਜੀਕਲ ਸਹਾਇਤਾ, ਟਰਾਂਸਪਲਾਂਟ ਤੋਂ ਬਾਅਦ ਮਰੀਜ਼ਾਂ ਦੀ ਨਿਗਰਾਨੀ, ਦਸਤਾਵੇਜ਼ੀਕਰਨ, ਗੁਣਵੱਤਾ ਨਿਯੰਤਰਣ ਅਤੇ ਕਾਨੂੰਨੀ ਪ੍ਰਕਿਰਿਆਵਾਂ ਨਾਲ ਜੁੜੀ ਜਾਣਕਾਰੀ ਦਿੱਤੀ ਜਾ ਰਹੀ ਹੈ।
ਪੀਜੀਆਈ ਲੰਬੇ ਸਮੇਂ ਤੋਂ ਉੱਤਰੀ ਭਾਰਤ ਵਿਚ ਅੰਗਦਾਨ ਅਤੇ ਅੰਗ ਟਰਾਂਸਪਲਾਂਟ ਦੇ ਖੇਤਰ ਵਿੱਚ ਮਾਰਗਦਰਸ਼ਕ ਸੰਸਥਾ ਦੀ ਭੂਮਿਕਾ ਨਿਭਾ ਰਿਹਾ ਹੈ। ਸੰਸਥਾ ਨੂੰ ਉਮੀਦ ਹੈ ਕਿ ਇਸ ਸਿਖਲਾਈ ਨਾਲ ਜੀਐਮਸੀ ਪਟਿਆਲਾ ਵਿਚ ਜਲਦ ਹੀ ਕਿਡਨੀ ਟਰਾਂਸਪਲਾਂਟ ਸੇਵਾਵਾਂ ਸ਼ੁਰੂ ਹੋ ਸਕਣਗੀਆਂ ਅਤੇ ਖੇਤਰ ਦੇ ਮਰੀਜ਼ਾਂ ਨੂੰ ਇਸ ਦਾ ਸਿੱਧਾ ਲਾਭ ਮਿਲੇਗਾ।