ਵਿਸ਼ਾਲ ਪਾਠਕ, ਚੰਡੀਗੜ੍ਹ : ਕੋਰੋਨਾ ਦੀ ਚੌਥੀ ਲਹਿਰ ਦੇਸ਼ ਦੇ ਕਈ ਸੂਬਿਆਂ 'ਚ ਦਸਤਕ ਦੇ ਚੁੱਕੀ ਹੈ। ਹਾਲਾਂਕਿ ਚੰਡੀਗੜ੍ਹ 'ਚ ਕੋਰੋਨਾ ਦੇ ਮਾਮਲੇ ਬੇਹੱਦ ਘੱਟ ਹਨ। ਬਾਵਜੂਦ ਇਨਫੈਕਸ਼ਨ ਤੋਂ ਬਚਾਅ ਲਈ ਪ੍ਰਸ਼ਾਸਨ ਦੇ ਹੈਲਥ ਡਿਪਾਰਟਮੈਂਟ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅਜਿਹੇ ਵਿਚ ਪੀਜੀਆਈ ਚੰਡੀਗੜ੍ਹ ਦੇ ਐਡਵਾਂਸ ਕਾਰਡੀਅਕ ਸੈਂਟਰ ਦੇ ਐਸੋਸੀਏਟ ਪ੍ਰੋਫੈਸਰ ਹਿਮਾਂਸ਼ੂ ਗੁਪਤਾ ਨੇ ਹਦਾਇਤ ਦਿੱਤੀ ਹੈ ਕਿ ਦਿਲ ਦੀ ਬਿਮਾਰੀ ਨਾਲ ਪੀੜਤ ਲੋਕ ਕੋਰੋਨਾ ਵੈਕਸੀਨ ਦੀ ਬੂਸਟਰ ਡੋਜ਼ ਜ਼ਰੂਰ ਲਗਵਾਉਣ ਕਿਉਂਕਿ ਕੋਰੋਨਾ ਦਾ ਨਵਾਂ ਵੇਰੀਐਂਟ ਐਕਸਈ ਅਜਿਹੇ ਲੋਕਾਂ ਲਈ ਖ਼ਤਰਨਾਕ ਸਾਬਿਤ ਹੋ ਸਕਦਾ ਹੈ। ਉੱਥੇ ਹੀ ਜਿਹੜੇ ਲੋਕ 60 ਸਾਲ ਤੋਂ ਜ਼ਿਆਦਾ ਉਮਰ ਦੇ ਹਨ ਤੇ ਉਨ੍ਹਾਂ ਨੂੰ ਦਿਲ ਦੇ ਰੋਗਾਂ ਨਾਲ ਸੰਬੰਧਤ ਬਿਮਾਰੀ ਹੈ, ਅਜਿਹੇ ਮਰੀਜ਼ਾਂ ਨੂੰ ਆਪਣੇ ਡ਼ਾਕਟਰ ਤੋਂ ਸਲਾਹ ਲੈ ਕੇ ਬੂਸਟਰ ਡੋਜ਼ ਜ਼ਰੂਰੀ ਲਗਵਾਉਣੀ ਚਾਹੀਦੀ ਹੈ ਤਾਂ ਜੋ ਕੋਰੋਨਾ ਦਾ ਜੇਕਰ ਨਵਾਂ ਵੇਰੀਐਂਟ (XE) ਆਉਂਦਾ ਹੈ ਤਾਂ ਇਨਫੈਕਸ਼ਨ ਦੀ ਲਪੇਟ 'ਚ ਆਉਣ ਤੋਂ ਵੈਕਸੀਨ ਦੀ ਬੂਸਟਰ ਡੋਜ਼ ਨਾਲ ਉਨ੍ਹਾਂ ਇਨਫੈਕਸ਼ਨ ਦੀ ਲਪੇਟ 'ਚ ਆਉਣ ਤੋਂ ਬਚਾਇਆ ਜਾ ਸਕੇ।

ਡਾਕਟਰ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਦਿਲ ਦੇ ਮਰੀਜ਼ਾਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਦਵਾਈਆਂ ਅਤੇ ਡਾਕਟਰ ਦੀ ਸਲਾਹ ਸਮੇਂ ਸਿਰ ਲੈਂਦੇ ਰਹਿਣ ਤਾਂ ਜੋ ਉਹ ਪੂਰੀ ਤਰ੍ਹਾਂ ਤੰਦਰੁਸਤ ਰਹਿਣ ਅਤੇ ਉਨ੍ਹਾਂ ਦਾ ਦਿਲ ਆਪਣੀਆਂ ਗਤੀਵਿਧੀਆਂ ਆਮ ਵਾਂਗ ਕਰਦਾ ਰਹੇ। ਉਨ੍ਹਾਂ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਲੋਕਾਂ ਦੀ ਜੀਵਨ ਸ਼ੈਲੀ 'ਚ ਆਏ ਬਦਲਾਅ ਕਾਰਨ ਅੱਜ 40 ਸਾਲ ਤੋਂ ਵੱਧ ਉਮਰ ਦੇ ਲੋਕਾਂ 'ਚ ਦਿਲ ਨਾਲ ਸਬੰਧਤ ਬਿਮਾਰੀਆਂ ਤੇਜ਼ੀ ਨਾਲ ਵੱਧ ਰਹੀਆਂ ਹਨ।

ਡਾ: ਹਿਮਾਂਸ਼ੂ ਨੇ ਕਿਹਾ ਕਿ 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਆਪਣੇ ਦਿਲ ਦੀ ਨਿਯਮਤ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ। ਜੋ ਲੋਕ ਸਿਗਰਟਨੋਸ਼ੀ ਤੇ ਸ਼ਰਾਬ ਆਦਿ ਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਸਮੇਂ-ਸਮੇਂ 'ਤੇ ਆਪਣੇ ਦਿਲ ਦੀ ਜਾਂਚ ਕਰਵਾਉਣੀ ਚਾਹੀਦੀ ਹੈ, ਤਾਂ ਜੋ ਸਿਗਰਟਨੋਸ਼ੀ ਤੇ ਸ਼ਰਾਬ ਦੇ ਸੇਵਨ ਕਾਰਨ ਦਿਲ ਨੂੰ ਖੂਨ ਸਪਲਾਈ ਕਰਨ ਵਾਲੀਆਂ ਨਾੜੀਆਂ ਵਿਚ ਜੰਮਣ ਦਾ ਸਮੇਂ ਸਿਰ ਪਤਾ ਲਗਾਇਆ ਜਾ ਸਕੇ ਅਤੇ ਲੋਕਾਂ ਨੂੰ ਜਿਵੇਂ ਦਿਲ ਦਾ ਦੌਰਾ ਜਾਂ ਹਾਰਟ ਫੇਲੀਅਰ ਵਰਗੀਆਂ ਸਮੱਸਿਆਵਾਂ ਤੋਂ ਬਚਾਇਆ ਜਾ ਸਕੇ।

ਪੀਜੀਆਈ 'ਚ ਰੋਜ਼ਾਨਾ 20 ਤੋਂ 30 ਵਿਅਕਤੀਆਂ ਦੀ ਹੁੰਦੀ ਹੈ ਐਂਜੀਓਗ੍ਰਾਫੀ

ਡਾ. ਹਿਮਾਂਸ਼ੂ ਨੇ ਦੱਸਿਆ ਕਿ ਪੀਜੀਆਈ ਚੰਡੀਗੜ੍ਹ ਦੇ ਐਡਵਾਂਸ ਕਾਰਡੀਅਕ ਸੈਂਟਰ ਵਿਖੇ ਹਰ ਰੋਜ਼ 20 ਤੋਂ 30 ਵਿਅਕਤੀਆਂ ਦੀ ਐਂਜੀਓਗ੍ਰਾਫੀ ਕੀਤੀ ਜਾਂਦੀ ਹੈ। ਪ੍ਰਾਈਵੇਟ ਹਸਪਤਾਲਾਂ 'ਚ ਜਿੱਥੇ ਇਨ੍ਹਾਂ ਲੋਕਾਂ ਨੂੰ ਐਂਜੀਓਗ੍ਰਾਫੀ ਲਈ 40 ਤੋਂ 50 ਹਜ਼ਾਰ ਰੁਪਏ ਦੇਣੇ ਪੈਂਦੇ ਹਨ, ਉੱਥੇ ਪੀਜੀਆਈ 'ਚ ਛੇ ਤੋਂ 10 ਹਜ਼ਾਰ ਰੁਪਏ ਵਿੱਚ ਐਂਜੀਓਗ੍ਰਾਫੀ ਕੀਤੀ ਜਾਂਦੀ ਹੈ। ਐਂਜੀਓਗ੍ਰਾਫੀ ਦਿਲ ਦੇ ਰੋਗਾਂ ਨੂੰ ਠੀਕ ਕਰਨ ਵਿੱਚ ਬਹੁਤ ਕਾਰਗਰ ਸਾਬਤ ਹੁੰਦੀ ਹੈ।

Posted By: Seema Anand