ਜੇਐੱਨਐੱਨ, ਚੰਡੀਗੜ੍ਹ: ਉੱਤਰਾਖੰਡ ਦੇ ਰਹਿਣ ਵਾਲੇ ਇਕ ਸਾਲ ਚਾਰ ਮਹੀਨੇ ਦੇ ਬੱਚੇ ਦੀ ਨੱਕ ਦੇ ਜ਼ਰੀਏ ਤਿੰਨ ਸੈਟੀਮੀਟਰ ਦੇ ਬ੍ਰੇਨ ਟਿਊਮਰ ਦਾ ਇਲਾਜ ਕਰ ਕੇ ਪੀਜੀਆਈ ਨੇ ਇਕ ਵਾਰ ਫਿਰ ਇਤਿਹਾਸ ਰਚਿਆ ਹੈ। ਪੂਰੀ ਦੁਨੀਆ ’ਚ ਇੰਨੀ ਘੱਟ ਉਮਰ ਦੇ ਬੱਚੇ ਦੇ ਇੰਨੇ ਵੱਡੇ ਬ੍ਰੇਨ ਟਿਊਮਰ ਦੀ ਸਫਲ ਸਰਜਰੀ ਕਰਨ ਵਾਲਾ ਪੀਜੀਆਈ ਚੰਡੀਗੜ੍ਹ ਅਜਿਹਾ ਪਹਿਲਾ ਮੈਡੀਕਲ ਸੰਸਥਾਨ ਬਣਿਆ ਹੈ। ਪੀਜੀਆਈ ਦੇ ਨਿਊਰੋਸਰਜਰੀ ਵਿਭਾਗ ਦੇ ਡਾ. ਢਾਂਡਾਪਾਣੀ ਐੱਸਐੱਸ, ਡਾ. ਸੁਸ਼ਾਂਤ ਅਤੇ ਈਐਨਟੀ ਵਿਭਾਗ ਤੋਂ ਡਾ. ਰੀਜੂਨੀਤਾ ਨੇ ਇਸ ਸਰਜਰੀ ਨੂੰ ਕੀਤਾ।


ਟਿਊਮਰ ਨਾ ਕੱਢਦੇ ਤਾਂ ਬੱਚੇ ਦੀਆਂ ਅੱਖਾਂ ਦੀ ਰੋਸ਼ਨੀ ਦੇ ਨਾਲ ਜਾ ਸਕਦੀ ਸੀ ਜਾਨ

ਡਾ. ਢਾਂਡਾਪਾਣੀ ਨੇ ਦੱਸਿਆ ਕਿ ਪਿਛਲੇ 20 ਦਿਨਾਂ ਤੋਂ ਬੱਚੇ ਦੀਆਂ ਅੱਖਾਂ ਦੀ ਰੋਸ਼ਨੀ ’ਚ ਦਿੱਕਤ ਆ ਰਹੀ ਸੀ। ਜਦੋਂ ਬੱਚੇ ਦੇ ਮੈਡੀਕਲ ਟੈਸਟ ਕੀਤੇ ਗਏ, ਉਸ ’ਚ ਬੱਚੇ ਦੇ ਦਿਮਾਗ ’ਚ ਟਿਊਮਰ ਪਾਇਆ ਗਿਆ। ਜੇਕਰ ਇਸ ਟਿਊਮਰ ਦੀ ਸਮੇਂ ’ਤੇ ਸਰਜਰੀ ਨਾ ਕੀਤੀ ਜਾਂਦੀ, ਤਾਂ ਬੱਚੇ ਦੀਆਂ ਹਮੇਸ਼ਾ ਲਈ ਅੱਖਾਂ ਦੀ ਰੋਸ਼ਨੀ ਜਾ ਸਕਦੀ ਸੀ। ਕਿਉਂਕਿ ਇੰਨੇ ਵੱਡੇ ਟਿਊਮਰ ਤੋਂ ਨਾ ਸਿਰਫ਼ ਅੱਖਾਂ ਦੀ ਰੋਸ਼ਨੀ ’ਤੇ ਅਸਰ ਪੈਂਦਾ, ਸਗੋਂ ਦਿਮਾਗ ’ਤੇ ਵੀ ਅਸਰ ਪੈ ਸਕਦਾ ਸੀ। ਇੱਥੋਂ ਤਕ ਕਿ ਇੰਨੇ ਵੱਡੇ ਟਿਊਮਰ ਕਾਰਨ ਬੱਚੇ ਦੀ ਜਾਨ ਵੀ ਜਾ ਸਕਦੀ ਸੀ। ਪਰ ਪੀਜੀਆਈ ਦੇ ਡਾਕਟਰਾਂ ਨੇ ਸਮੇਂ ’ਤੇ ਬ੍ਰੇਨ ਟਿਊਮਰ ਦਾ ਪਤਾ ਲਾ ਕੇ ਇਸ ਦੀ ਸਰਜਰੀ ਕਰ ਕੇ ਬੱਚੇ ਦੀ ਜਾਨ ਬਚਾ ਲਈ।


ਯੂਐੱਸਏ ’ਚ ਸੰਨ 2019 ’ਚ ਹੋਈ ਇਸ ਤਰ੍ਹਾਂ ਦੀ ਐਂਡੋਸਕੋਪਿਕ ਸਰਜਰੀ

ਡਾ. ਸੁਸ਼ਾਂਤ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਯੂਐੱਸਏ ਸਟੈਨਫੋਰਡ ’ਚ ਇਸ ਤਰ੍ਹਾਂ ਦੀ ਐਂਡੋਸਕੋਪਿਕ ਸਰਜਰੀ ਕੀਤੀ ਗਈ ਸੀ ਪਰ ਯੂਐੱਸਏ ’ਚ ਜਿਸ ਬੱਚੇ ਦੀ ਸਰਜਰੀ ਦੇ ਜ਼ਰੀਏ ਬ੍ਰੇਨ ਟਿਊਮਰ ਦਾ ਇਲਾਜ ਕੀਤਾ ਗਿਆ ਸੀ, ਉਸ ਦੀ ਉਮਰ ਦੋ ਸਾਲ ਸੀ। ਯੂਐੱਸਏ ਤੋਂ ਬਾਅਦ ਪੂਰੀ ਦੁਨੀਆ ’ਚ ਭਾਰਤ ਦੂਜਾ ਅਜਿਹਾ ਦੇਸ਼ ਬਣ ਗਿਆ ਹੈ, ਜਿੱਥੇ ਪੀਜੀਆਈ ਚੰਡੀਗੜ੍ਹ ਨੇ ਇਸ ਤਰ੍ਹਾਂ ਦੀ ਸਰਜਰੀ ਨੂੰ ਸਫਲ ਕੀਤਾ ਹੈ। ਡਾਕਟਰ ਨੇ ਦੱਸਿਆ ਕਿ ਅਕਸਰ ਓਪਨ ਸਰਜਰੀ ਦੇ ਜ਼ਰੀਏ ਇਸ ਤਰ੍ਹਾਂ ਦੇ ਟਿਊਮਰ ਦਾ ਇਲਾਜ ਕੀਤਾ ਜਾਂਦਾ ਹੈ ਪਰ ਇੰਨੀ ਘੱਟ ਉਮਰ ਦੇ ਬੱਚੇ ਦੇ ਬ੍ਰੇਨ ਟਿਊਮਰ ਦੀ ਸਰਜਰੀ ਕਰਨ ਦਾ ਇਕ ਐਂਡੋਸਕੋਪਿਕ ਸਰਜਰੀ ਦਾ ਰਸਤਾ ਬਚਦਾ ਹੈ। ਅਜਿਹੇ ’ਚ ਪੀਜੀਆਈ ਦੇ ਡਾਕਟਰਾਂ ਨੇ ਬੱਚੇ ਦੀ ਨੱਕ ਦੇ ਜ਼ਰੀਏ ਇਸ ਟਿਊਮਰ ਦਾ ਇਲਾਜ ਕੀਤਾ।

ਛੇ ਘੰਟੇ ਤਕ ਚੱਲੀ ਸੀ ਸਰਜਰੀ, ਹੁਣ ਬੱਚਾ ਬਿਲਕੁਲ ਤੰਦਰੁਸਤ

ਪੀਜੀਆਈ ਦੇ ਈਐੱਨਟੀ ਵਿਭਾਗ ਦੀ ਡਾਕਟਰ ਰੀਜੁਨੀਤਾ ਨੇ ਦੱਸਿਆ ਕਿ ਇਹ ਸਰਜਰੀ ਛੇ ਘੰਟੇ ਤਕ ਚੱਲੀ। ਕੰਪਿਊਟਰ ਨੇਵੀਗੇਸ਼ਨ ਅਤੇ ਏਂਜਿਓਗ੍ਰਾਫੀ ਤਕਨੀਕ ਦੇ ਜ਼ਰੀਏ ਬੱਚੇ ਦੀ ਸਰਜਰੀ ਕੀਤੀ ਗਈ। ਕਿਉਂਕਿ ਬੱਚੇ ਦੇ ਸਿਰ ਦੀਆਂ ਹੱਡੀਆਂ ਅਜੇ ਪੂਰੀ ਤਰ੍ਹਾਂ ਵਿਕਸਿਤ ਨਹੀਂ ਸਨ। ਅਜਿਹੇ ’ਚ ਬੱਚੇ ਦੀ ਸੀਟੀ ਏਂਜਿਓਗ੍ਰਾਫੀ ਤਕਨੀਕ ਦੇ ਜ਼ਰੀਏ ਬੱਚੇ ਦੀ ਸਰਜਰੀ ਕੀਤੀ ਗਈ। ਬੱਚੇ ਨੂੰ ਆਈਸੀਯੂ ’ਚ ਦਾਖਲ ਕੀਤਾ ਗਿਆ ਹੈ। ਉਸ ਦੀ ਸਿਹਤ ਹੁਣ ਪਹਿਲਾਂ ਤੋਂ ਬਿਹਤਰ ਹੈ।

Posted By: Jagjit Singh