ਜੇਐੱਨਐੱਨ, ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ’ਚ ਦੋਸ਼ ਲਗਾਇਆ ਗਿਆ ਹੈ ਕਿ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਇਕ ਸਾਜ਼ਿਸ਼ ਦੇ ਤਹਿਤ ਕਤਲ ਤੇ ਜਬਰ ਜਨਾਹ ਦੇ ਮਾਮਲੇ ’ਚ ਫਸਾ ਕੇ ਬੰਦ ਕੀਤਾ ਗਿਆ ਹੈ। ਜਿਨ੍ਹਾਂ ਸੰਤਾਂ ਨੇ ਧਾਰਮਿਕ ਪ੍ਰਚਾਰ ਨਾਲ ਮਨੁੱਖ ਨੂੰ ਈਸ਼ਵਰ ਨਾਲ ਜੋੜਨ ਦਾ ਕੰਮ ਕੀਤਾ ਹੈ, ਉਹ ਸਾਜ਼ਿਸ਼ ਦਾ ਸ਼ਿਕਾਰ ਹੋ ਕੇ ਸੱਤਾ ਵੱਲੋਂ ਪਰੇਸ਼ਾਨ ਕੀਤੇ ਜਾ ਰਹੇ ਹਨ। ਗੁਰਮੀਤ ਰਾਮ ਰਹੀਮ ਨਾਲ ਵੀ ਅਜਿਹਾ ਹੋਇਆ ਹੈ।

ਇਸ ਪਟੀਸ਼ਨ ’ਚ ਸਿਰਸਾ ਦੇ ਡੇਰਾ ਸੱਚਾ ਸੌਦਾ ਦੀ ਮੈਨੇਜਮੈਂਟ, ਵਕੀਲਾਂ ਤੇ ਸੀਬੀਆਈ ਦੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ। ਭਾਵ ਪਟੀਸ਼ਨ ’ਚ ਡੇਰਾ ਪ੍ਰਬੰਧਨ, ਵਕੀਲ ਅਤੇ ਸੀਬੀਆਈ ’ਤੇ ਆਪਸ ’ਚ ਮਿਲੀਭੁਗਤ ਕਰ ਕੇ ਡੇਰਾ ਮੁਖੀ ਖ਼ਿਲਾਫ਼ ਸਾਜ਼ਿਸ਼ ਰਚਣ ਦੇ ਦੋਸ਼ ਲਾਏ ਗਏ ਹਨ। ਡੇਰਾ ਮੁਖੀ ਦੇ ਸ਼ਰਧਾਲੂ ਪੰਜਾਬ ਦੇ ਰੂਪਨਗਰ ਨਿਵਾਸੀ ਬਲਵਿੰਦਰ ਸਿੰਘ ਤੇ ਹੋਰਾਂ ਨੇ ਹਾਈ ਕੋਰਟ ’ਚ ਦਾਇਰ ਜਨ ਹਿੱਤ ਪਟੀਸ਼ਨ ’ਚ ਦੋਸ਼ ਲਗਾਇਆ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਜਬਰ ਜਨਾਹ ਅਤੇ ਕਤਲ ਦੇ ਮਾਮਲਿਆਂ ’ਚ ਜੇਲ੍ਹ ’ਚ ਰੱਖਣ ਦੇ ਪਿੱਛੇ ਸਾਜ਼ਿਸ਼ ਹੈ, ਜਿਸ ਦੀਆਂ ਡੂੰਘੀਆਂ ਜੜਾਂ ਹਨ।

ਹਾਈ ਕੋਰਟ ਨੂੰ ਦੱਸਿਆ ਗਿਆ ਕਿ ਇਸ ਸਾਜ਼ਿਸ਼ ’ਚ ਹਰਿਆਣਾ ਸਰਕਾਰ, ਸੀਬੀਆਈ ਦੇ ਕੁਝ ਅਧਿਕਾਰੀ, ਡੇਰਾ ਮੁਖੀ ਦੇ ਵਕੀਲ ਤੇ ਡੇਰਾ ਪ੍ਰਬੰਧਨ ਦੇ ਲੋਕ ਸ਼ਾਮਲ ਹਨ, ਜਿਨ੍ਹਾਂ ਨੇ ਮਿਲ ਕੇ ਫ਼ਰਜ਼ੀ ਗਵਾਹ ਤੇ ਗ਼ਲਤ ਤੱਥ ਅਦਾਲਤ ਦੇ ਸਾਹਮਣੇ ਪੇਸ਼ ਕਰਕੇ ਡੇਰਾ ਮੁਖੀ ਨੂੰ ਜੇਲ੍ਹ ’ਚ ਬੰਦ ਕਰਵਾਇਆ ਤੇ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ। ਪਟੀਸ਼ਨ ’ਚ ਕੇਂਦਰ ਸਰਕਾਰ ਤੋਂ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਤੇ ਬਾਰ ਕੌਂਸਲ ਆਫ਼ ਇੰਡੀਆ ਤੋਂ ਦੋਸ਼ੀ ਵਕੀਲਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀਗ ਈ ਹੈ। ਪ੍ਰਸ਼ਾਸਨਿਕ ਪੱਧਰ ’ਤੇ ਹਾਈ ਕੋਰਟ ਨੇ ਇਸ ਪਟੀਸ਼ਨ ਨੂੰ ਸੁਣਵਾਈ ਲਈ ਮਨਜ਼ੂਰ ਕਰ ਲਿਆ ਹੈ ਅਤੇ ਜਲਦ ਹੀ ਇਹ ਪਟੀਸ਼ਨ ਸੂਚੀਬੱਧ ਹੋ ਸਕਦੀ ਹੈ।

Posted By: Jagjit Singh