ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਦੀਆਂ ਪੰਜ ਨਿੱਜੀ ਉਦਯੋਗਿਕ ਇਕਾਈਆਂ ਨੂੰ ਜੀਵਨ ਰੱਖਿਅਕ ਪੀਪੀਈਜ਼, ਐੱਨ 95 ਅਤੇ ਐੱਨ 99 ਮਾਸਕਾਂ ਦੀ ਸਪਲਾਈ ਕਰਨ ਲਈ ਹਰੀ ਝੰਡੀ ਮਿਲ ਗਈ ਹੈ। ਸਿਹਤ ਵਿਭਾਗ ਨਾਲ ਸਬੰਧਿਤ ਇਨ੍ਹਾਂ ਉਪਰਕਰਨਾਂ ਦੀ ਚੱਲ ਰਹੀ ਵੱਡੀ ਦਿੱਕਤ ਨੂੰ ਦੂਰ ਕਰਨ ਲਈ ਸੂਬੇ ਨੂੰ ਹੋਰ ਮਜ਼ਬੂਤੀ ਮਿਲੇਗੀ।

ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਪ੍ਰੋਟੈਕਟਿਵ ਪਰਸਨਲ ਇਕਊਪਮੈਂਟ (ਪੀਪੀਈ) ਕਿੱਟਾਂ ਦੇ ਨਿਰਮਾਣ ਅਤੇ ਸਪਲਾਈ ਲਈ ਲੁਧਿਆਣਾ ਦੀਆਂ ਫਰਮਾਂ ਸ਼ਿਵਾ ਟੈਕਸਟਾਈਲ, ਸਵਾਮੀ ਟੈਕਸਟਾਈਲ ਅਤੇ ਸਿੰਗੋਰਾ ਨੂੰ ਜੋ ਕਿ ਸਿਟਰਾ ਕੋਇੰਬਟੂਰ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ, ਜੋ ਕਿ ਪ੍ਰਮਾਣਿਤ ਟੈਸਟਿੰਗ ਪ੍ਰਯੋਗਸ਼ਾਲਾਵਾਂ ਹਨ। ਮੰਤਰੀ ਨੇ ਅੱਗੇ ਕਿਹਾ ਕਿ ਇਹ ਫਰਮਾਂ ਜੇਸੀਟੀ ਫੈਬਰਿਕਸ, ਫਗਵਾੜਾ ਅਤੇ ਐਵਰ ਸ਼ਾਈਨ ਗਾਰਮੈਂਟਸ, ਲੁਧਿਆਣਾ ਤੋਂ ਇਲਾਵਾ ਸ਼ਾਮਲ ਕੀਤੀਆਂ ਗਈਆਂ ਹਨ।

ਐੱਨ 95 ਮਾਸਕਾਂ ਅਤੇ ਐੱਨ 99 ਮਾਸਕਾਂ ਦੇ ਨਿਰਮਾਣ ਲਈ ਸਰਜਾਇਨ ਹੁਸ਼ਿਆਰਪੁਰ ਅਤੇ ਆਕਸੀਕਲੀਅਰ ਦੇ ਨਾਲ-ਨਾਲ ਲੁਧਿਆਣਾ ਦੀਆਂ ਦੋ ਹੋਰ ਫਰਮਾਂ ਗੁਰਕਿਰਪਾ ਟੈਕਸਟਾਇਲਸ ਅਤੇ ਨਵਯੁੱਗ ਲੈਮਿਨੇਟਸ ਨੂੰ ਪੀਪੀਈ ਫੈਬਰਿਕ ਸਪਲਾਈ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ 20 ਤਕਨੀਕੀ ਟੈਕਸਟਾਈਲ ਇਕਾਈਆਂ ਦੀ ਪਛਾਣ ਕੀਤੀ ਗਈ ਹੈ ਜੋ ਪੀਪੀਈਜ. ਅਤੇ ਮਾਸਕ ਬਣਾ ਰਹੀਆਂ ਹਨ ਜਾਂ ਬਣਾਉਣ ਯੋਗ ਹਨ ਅਤੇ ਇਨ੍ਹਾਂ ਵਿਚੋਂ ਕਈ ਯੂਨਿਟਾਂ ਪੀਪੀਈ ਅਤੇ ਸੁਰੱਖਿਆ ਮਾਸਕ ਦੇ ਨਮੂਨੇ ਤਿਆਰ ਕਰਨ ਦੀ ਪ੍ਰਕਿਰਿਆ ਅਧੀਨ ਹਨ ਜਿਨ੍ਹਾਂ ਨੂੰ ਅੱਗੇ ਪ੍ਰਯੋਗਸ਼ਾਲਾਵਾਂ ਵਿਚ ਜਾਂਚ ਲਈ ਭੇਜਿਆ ਜਾਵੇਗਾ।

ਸਿਡਬੀ 50 ਲੱਖ ਰੁਪਏ ਤਕ ਦੇ 100 ਫ਼ੀਸਦੀ ਪਾੋਜੈਕਟਾਂ ਵਾਸਤੇ 5 ਸਾਲ ਦੀ ਮਿਆਦ ਲਈ 5 ਫ਼ੀਸਦੀ ਵਿਆਜ ਦਰ ਦੇ ਨਾਲ ਵਿੱਤ ਕਰਜ਼ੇ ਪ੍ਰਦਾਨ ਕਰ ਰਿਹਾ ਹੈ। ਇਹ ਕਰਜ਼ੇ ਉਨ੍ਹਾਂ ਦੇ 'ਸੇਫ' (ਸਿਡਬੀ ਅਸੀਸਟੈਂਸ ਫਾਰ ਫਸੈਲੀਟੇਟਿੰਗ ਐਮਰਜੈਂਸੀ ਰਿਸਪਾਂਸ ਟੂ ਕੋਰੋਨਾ ਵਾਇਰਸ) ਪ੍ਰੋਗਰਾਮ ਤਹਿਤ ਦਿੱਤੇ ਜਾ ਰਹੇ ਹਨ।