ਜੈ ਸਿੰਘ ਛਿੱਬਰ, ਚੰਡੀਗੜ੍ਹ : ਨੌਜਵਾਨ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਵਿਵਾਦਤ ਬਿਆਨ ਦੇ ਕੇ ਜਿੱਥੇ ਖੁਦ ਮੁਸੀਬਤ ਸਹੇੜ ਲਈ ਹੈ, ਉਥੇ ਪਾਰਟੀ ਲਈ ਮੁਸ਼ਕਲ ਖੜ੍ਹੀ ਕਰ ਦਿੱਤੀ ਹੈ। ਬਿੱਟੂ ਨੇ ਅਕਾਲੀ ਭਾਜਪਾ ਗਠਜੋੜ ਖਾਸਕਰ ਅਕਾਲੀ ਦਲ ਵੱਲੋਂ ਰੂਪਨਗਰ ਜ਼ਿਲ੍ਹੇ ਦੀਆਂ ਅਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਹਲਕੇ ਦੀ ਸੀਟ ਬਸਪਾ ਨੂੰ ਦੇਣ ’ਤੇ ਬਿਆਨ ਦਾਗਿਆ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡਿਓ ’ਤੇ ਲੋਕਾਂ ਵੱਲੋਂ ਨਾ ਸਿਰਫ਼ ਬਿੱਟੂ ਦੀ ਸਖ਼ਤ ਆਲੋਚਨਾ ਹੋਈ ਹੈ, ਬਲਕਿ ਕਈ ਲੋਕਾਂ ਨੇ ਬਿੱਟੂ ਪ੍ਰਤੀ ਮਾੜੀ ਸ਼ਬਦਾਵਲੀ ਵਰਤੀ ਹੈ।

ਫੇਸਬੁੱਕ ’ਤੇ ਅਵਤਾਰ ਸਿੰਘ ਨੇ ਕੁਮੈਂਟ ਕਰਦਿਆਂ ਕਿਹਾ ਕਿ ਅਨੰਦਪੁਰ ਸਾਹਿਬ ’ਚ ਤਾਂ ਸਾਰੀਆਂ ਜਾਤੀਆਂ ਇਕੱਠੀਆਂ ਕਰ ਕੇ ਖ਼ਾਲਸਾ ਪੰਥ ਸਜਾਇਆ ਸੀ। ਉਨ੍ਹਾਂ ਲਿਖਿਆ ਕਿ ਅਸੀਂ ਤੈਨੂੰ ਸਿਰਫ਼ ਮਨਮੋਹਨ ਸਿੰਘ (ਸਾਬਕਾ ਪ੍ਰਧਾਨ ਮੰਤਰੀ) ਕਰ ਕੇ ਮੈਂਬਰ ਪਾਰਲੀਮੈਂਟ ਬਣਾਇਆ ਸੀ, ਨਹੀਂ ਤਾਂ ਤੈਨੂੰ ਪਤਾ ਲੱਗ ਜਾਂਦਾ ਕਿ ਅਨੰਦਪੁਰ ਕਿਸ ਦਾ ਇਲਾਕਾ ਐ। ਇਸੇ ਤਰ੍ਹਾਂ ਗੁਰਦਰਸ਼ਨ ਸਿੱਧੂ ਨੇ ਲਿਖਿਆ ਕਿ ਬਿੱਟੂ ਦਾ ਬਿਆਨ ਸੁਣ ਕੇ ਬੜਾ ਦੁੱਖ ਲੱਗਿਆ। ਇਸੀ ਤਰ੍ਹਾਂ ਗੁਰਪ੍ਰੀਤ ਸਿੰਘ ਹੀਰਾ ਨੇ ਕੁਮੈਂਟ ਕੀਤਾ ਹੈ ਕਿ ਇਹਨੂੰ ਪੁੱਛੋ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਸਾਹਿਬ ਨੇ ਜਾਤ ਪਾਤ ਨੂੰ ਖ਼ਤਮ ਕਰ ਕੇ ਸਿੱਖ ਧਰਮ ਦੀ ਨੀਂਹ ਰੱਖੀ ਸੀ। ਇਤਿਹਾਸ ਦੀ ਜਾਣਕਾਰੀ ਨਹੀਂ ਇਹਨਾਂ ਨੂੰ, ਬੇਤੁਕੀਆਂ ਗੱਲਾਂ ਕਰ ਰਹੇ ਨੇ, ਵੈਸੇ ਵੀ ਇਹ ਆਪਣੇ ਆਪ ਨੂੰ ਭਵਿੱਖ ਦਾ ਮੁੱਖ ਮੰਤਰੀ ਸਮਝੀ ਫਿਰਦਾ, ਬਣਾ ਦਿਓ ਜ਼ਰਾ। ਕੁਲਵਿੰਦਰ ਸਿੰਘ ਨੇ ਆਪਣੇ ਕੁਮੈਂਟ ਵਿਚ ਘਟੀਆ ...ਦੱਸਿਆ ਹੈ। ਗੁਰਪਿਆਰ ਹਰੀ ਨੇ ਸਖ਼ਤ ਕੁਮੈਂਟ ਕਰਦਿਆਂ ਕਿਹਾ ਕਿ ਇਹਨੂੰ ਪੁੱਛੋ ਕਿ (...) ਤੁਸੀਂ ਕੀ ਕੁਰਬਾਨੀ ਦਿੱਤੀ ਸੀ, ਇਨ੍ਹਾਂ ਸ਼ਹਿਰਾਂ ਨੂੰ ਪਵਿੱਤਰ ਅਸਥਾਨ ਬਣਾਉਣ ਲਈ। ਕੁਰਬਾਨੀਆਂ ਸਾਡੇ ਪੁਰਖਿਆਂ ਨੇ ਕੀਤੀਆਂ ਤੁਸੀਂ ਚੌਧਰਾਂ ਲੈ ਕੇ ਬਹਿ ਗਏ। ਗੁਰਪ੍ਰੀਤ ਨੇ ਸਵਾਲ ਕੀਤਾ ਕਿ ਸੀਟਾਂ ਵੀ ਪਵਿੱਤਰ ਹੁੰਦੀਆਂ? ਬਸਪਾ ਦੇ ਜਨਰਲ ਸਕੱਤਰ ਤੇ ਹਲਕਾ ਚਮਕੌਰ ਸਾਹਿਬ ਦੇ ਇੰਚਾਰਜ ਰਜਿੰਦਰ ਸਿੰਘ ਨਨਹੇੜੀਆਂ ਨੇ ਕਿਹਾ ਕਿ ਬਿੱਟੂ ਦਾ ਹਲਕੇ ’ਚ ਆਉਣ ’ਤੇ ਕਾਲੀਆਂ ਝੰਡੀਆਂ ਨਾਲ ਸਵਾਗਤ ਕੀਤਾ ਜਾਵੇਗਾ। ਯਾਦ ਰਹੇ ਕਿ ਬਸਪਾ ਤੇ ਅਕਾਲੀ ਦਲ ਦਾ ਚੋਣ ਸਮਝੌਤਾ ਹੋਇਆ ਹੈ। ਬਸਪਾ 20 ਸੀਟਾਂ ’ਤੇ ਚੋਣ ਲੜ ਰਹੀ ਹੈ।

ਬਿੱਟੂ ਖਿਲਾਫ਼ ਪੁਲਿਸ ਨੂੰ ਸ਼ਿਕਾਇਤ

ਬਠਿੰਡਾ ਨਿਵਾਸੀ ਨਵਨੀਤ ਕਟਾਰੀਆ ਨੇ ਐੱਸਐੱਸਪੀ ਬਠਿੰਡਾ ਨੂੰ ਰਵਨੀਤ ਬਿੱਟੂ ਖ਼ਿਲਾਫ਼ ਬਸਪਾ ਮੁਖੀ ਮਾਇਆਵਤੀ ਅਤੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਸਤੀਸ਼ ਮਿਸ਼ਰਾ ਖ਼ਿਲਾਫ਼ ਗਲਤ ਬਿਆਨਬਾਜ਼ੀ ਕਰਨ ’ਤੇ ਸ਼ਿਕਾਇਤ ਦਰਜ ਕਰਵਾਈ ਹੈ। ਨਵਨੀਤ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਉਹ ਬਸਪਾ ਨਾਲ ਸਬੰਧ ਰੱਖਦਾ ਹੈ। ਬਸਪਾ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਚੋਣ ਸਮਝੌਤਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬਿੱਟੂ ਨੇ ਵੀਡੀਓ ਵਿਚ ਮਾਇਆਵਤੀ ’ਤੇ ਦੋਸ਼ ਲਾਇਆ ਹੈ ਕਿ ਯੂਪੀ ਚੋਣਾਂ ਜਿੱਤਣ ਲਈ ਅਕਾਲੀ ਦਲ ਤੋਂ ਪੈਸੇ ਲਏ ਹਨ। ਉਨ੍ਹਾਂ ਬਿੱਟੂ ’ਤੇ ਲੱਖਾਂ ਵਰਕਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ ਹੈ।

ਨਵਾਂ ਵੀਡੀਓ ਕੀਤਾ ਜਾਰੀ

ਸੋਸ਼ਲ ਮੀਡੀਆ ’ਤੇ ਹੋ ਰਹੀ ਆਲੋਚਨਾ ਤੋਂ ਬਾਅਦ ਰਵਨੀਤ ਬਿੱਟੂ ਨੇ ਇਕ ਵੀਡੀਓ ਰਾਹੀਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਬਿਆਨ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ ਤੇ ਉਨ੍ਹਾਂ ਦੀ ਇੱਛਾ ਦਲਿਤ ਵਰਗ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਬਿੱਟੂ ਨੇ ਕਿਹਾ ਕਿ ਇਹ ਦੋਵੇਂ (ਅਨੰਦਪੁਰ ਸਾਹਿਬ ਤੇ ਚਮਕੌਰ ਸਾਹਿਬ) ਪਵਿੱਤਰ ਸੀਟਾਂ ਹਨ। ਅਕਾਲੀ ਦਲ ਨੇ ਜਾਣ-ਬੁੱਝ ਕੇ ਇਹ ਸੀਟਾਂ ਬਸਪਾ ਲਈ ਛੱਡੀਆਂ ਹਨ ਤਾਂ ਕਿ ਉਨ੍ਹਾਂ ਨੂੰ ਮੁਖਾਲਫ਼ਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਬਸਪਾ ਦਾ ਮਤਲਬ ਇਹ ਨਹੀਂ ਕਿ ਗੱਲ ਅਨੁਸੂਚਿਤ ਜਾਤੀ ਲੋਕਾਂ ਦੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਬਸਪਾ ਨਾਲੋਂ ਜ਼ਿਆਦਾ ਦਲਿਤ ਵਰਗ ਕਾਂਗਰਸ ਨਾਲ ਜੁੜਿਆ ਹੋਇਆ ਹੈ।

Posted By: Jagjit Singh