ਲੋਕ ਖੱਜਲ-ਖੁਆਰ, ਧੱਕੇ ਖਾ ਮੁੜ ਰਹੇ ਨੇ ਦਫ਼ਤਰਾਂ ਤੋਂ ਵਾਪਸ

ਸੁਰਜੀਤ ਸਿੰਘ ਕੋਹਾੜ, ਲਾਲੜੂ : ਲੋਕਾਂ ਨੂੰ ਰੁਜ਼ਗਾਰ ਦੇਣ ਅਤੇ ਨਿਰਵਿਘਨ ਸੇਵਾਵਾਂ ਪ੍ਰਦਾਨ ਕਰਨ ਦਾ ਦਾਅਵਾ ਕਰਕੇ ਸੱਤਾ 'ਚ ਆਈ ਸਰਕਾਰ ਦੇ ਕਾਰਜਕਾਲ ਦੌਰਾਨ ਵੱਡੀ ਗਿਣਤੀ ਪਟਵਾਰ ਖਾਨੇ ਪਟਵਾਰੀਆਂ ਤੋਂ ਬਿਨਾਂ ਖ਼ਾਲੀ ਪਏ ਹਨ ਤੇ ਇਸ ਸਮੱਸਿਆ ਵੱਲ ਮੌਜੂਦਾ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ। ਦਰਜਨਾਂ ਪਿੰਡਾਂ ਦੇ ਪਟਵਾਰ ਖਾਨੇ ਖ਼ਾਲੀ ਹੋਣ ਕਾਰਨ ਲੋਕਾਂ ਦੇ ਕੰਮ ਅਧੂਰੇ ਪਏ ਹਨ ਤੇ ਲੋਕਾਂ ਨੂੰ ਕੰਮ ਕਰਵਾਉਣ ਲਈ ਰੋਜ਼ਾਨਾ ਪਟਵਾਰ ਖਾਨਿਆਂ ਦੇ ਚੱਕਰ ਕੱਟਣੇ ਪੈ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਉਨਾਂ੍ਹ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਇੱਕ ਆਸ ਬੱਝੀ ਸੀ ਕਿ ਹੁਣ ਉਨਾਂ੍ਹ ਦੇ ਰੁੱਕੇ ਕੰਮ ਜਲਦ ਹੋ ਜਾਇਆ ਕਰਨਗੇ। ਜਿਸ ਨੂੰ ਹੁਣ ਬੂਰ ਪੈਂਦਾ ਦਿਖਾਈ ਨਹੀਂ ਦੇ ਰਿਹਾ, ਸਗੋਂ ਪਟਵਾਰ ਖਾਨੇ ਖ਼ਾਲੀ ਹੋਣ ਕਾਰਨ ਉਨਾਂ੍ਹ ਨੂੰ ਨਿਰਾਸ਼ਾ ਹੀ ਹੱਥ ਲੱਗ ਰਹੀ ਹੈ। ਵਿਦਿਆਰਥੀਆਂ ਨੂੰ ਵੀ ਆਪਣੇ ਸਰਟੀਫਿਕੇਟ ਬਣਵਾਉਣ ਦੇ ਲਈ ਹਲਕਾ ਪਟਵਾਰੀ ਤੋਂ ਤਸਦੀਕ ਕਰਵਾਉਣਾ ਹੁੰਦਾ ਹੈ,ਪਰ ਪਟਵਾਰ ਖਾਨੇ ਖ਼ਾਲੀ ਹੋਣ ਕਾਰਨ ਵਿਦਿਆਰਥੀਆਂ ਨੂੰ ਵੀ ਆਪਣੇ ਸਰਟੀਫਿਕੇਟ ਬਣਵਾਉਣ ਲਈ ਰੁਕਣਾ ਪੈ ਰਿਹਾ।

ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨਾਂ੍ਹ ਨੂੰ ਕੋਰਸ ਜਾ ਨੌਕਰੀ ਲਈ ਅਪਲਾਈ ਕਰਵਾਉਣ ਦੇ ਲਈ ਸਰਟੀਫਿਕੇਟ ਦੀ ਲੋੜ ਹੁੰਦੀ ਹੈ, ਪਰ ਪਟਵਾਰੀ ਨਾ ਹੋਣ ਕਾਰਨ ਉਨਾਂ੍ਹ ਦੇ ਕੰਮ ਵੀ ਅੱਧ 'ਚ ਲਟਕ ਗਏ ਹਨ। ਲਾਲੜੂ ਤੇ ਹੰਡੇਸਰਾ ਖੇਤਰ ਦੇ 10 ਦੇ ਪਟਵਾਰ ਖਾਨੇ ਜਿਸ 'ਚ ਪਟਵਾਰ ਹਲਕਾ ਅੰਟਾਲਾ, ਟਿਵਾਣਾ, ਧਰਮਗੜ੍ਹ, ਸਰਸੀਣੀ, ਹਮਾਂਯੂਪੁਰ, ਖੇੜੀ ਜੱਟਾਂ, ਜੌਲਾ ਕਲਾਂ, ਬਿਜਨਪੁਰ, ਭੁੱਖੜੀ ਤੇ ਮਲਕਪੁਰ ਦੇ ਅਧੀਨ ਪੈਂਦੇ 44 ਪਿੰਡਾਂ 'ਚ ਇਸ ਵੇਲੇ ਕੋਈ ਪਟਵਾਰੀ ਨਹੀਂ ਹੈ, ਜਿਸ ਨੂੰ ਲੈ ਕੇ ਰੋਜ਼ਮਰਾ ਦੇ ਕੰਮ ਕਰਵਾਉਣ ਵਾਲੇ ਲੋਕਾਂ ਦੇ ਜ਼ਮੀਨ-ਜਾਇਦਾਦ ਦੇ ਕਈਂ ਕੰਮ ਅਧੂਰੇ ਪਏ ਹਨ ਤੇ ਕੰਮ ਕਰਵਾਉਣ ਲਈ ਉਹ ਤਹਿਸੀਲ ਤੇ ਪਟਵਾਰ ਖਾਨੇ ਦੇ ਚੱਕਰ ਕੱਟ-ਕੱਟ ਤੰਗ ਆ ਚੁੱਕੇ ਹਨ। ਉਨਾਂ੍ਹ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਖ਼ਾਲੀ ਪਏ ਪਟਵਾਰ ਖਾਨਿਆਂ 'ਚ ਜਲਦ ਪਟਵਾਰੀਆਂ ਨੂੰ ਲਗਾਇਆ ਜਾਵੇ ਤਾਂ ਜੋ ਉਨਾਂ੍ਹ ਦੇ ਅਧੂਰੇ ਪਏ ਕੰਮ ਹੋ ਸਕਣ। ਸੰਪਰਕ ਕਰਨ ਤੇ ਐੱਸਡੀਐਮ ਡੇਰਾਬੱਸੀ ਹਿਮਾਸ਼ੂ ਗੁਪਤਾ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਉਹ ਪੂਰੀ ਕੋਸ਼ਿਸ ਕਰ ਰਹੇ ਹਨ ਕਿ ਖ਼ਾਲੀ ਪਏ ਪਟਵਾਰ ਹਲਕਿਆਂ ਨੂੰ ਭਰਿਆ ਜਾਵੇ ਤੇ ਇਹ ਮਾਮਲਾ ਉਨਾਂ੍ਹ ਵੱਲੋਂ ਡਿਪਟੀ ਕਮਿਸ਼ਨਰ ਮੁਹਾਲੀ ਦੇ ਵੀ ਧਿਆਨ 'ਚ ਲਿਆਂਦਾ ਹੈ ਤੇ ਜਲਦ ਉਹ ਇਸ ਮਾਮਲੇ ਦਾ ਹੱਲ ਕੱਢਣਗੇ।