ਸੁਖਜਿੰਦਰ ਸੋਢੀ, ਮਾਜਰੀ : ਸਥਾਨਕ ਕਸਬੇ ਦੇ ਬਲਾਕ ਚੌਕ ਵਿਖੇ ਸਥਿਤ ਪਟਵਾਰ ਭਵਨ ਵਿਖੇ ਅੱਜ ਹਾਜ਼ਰ ਪਟਵਾਰੀਆਂ ਨੇ ਕਾਲੇ ਬਿੱਲੇ ਲਗਾ ਕੇ ਜਿੱਥੇ ਕਿਸਾਨ ਵਿਰੋਧੀ ਆਰਡੀਨੈਂਸ ਖ਼ਿਲਾਫ਼ ਰੋਸ ਪ੍ਰਗਟ ਕੀਤਾ, ਉਥੇ ਹੀ ਦੇਸ਼ ਭਰ ਦੇ ਕਿਸਾਨਾਂ ਦੁਆਰਾ ਅੱਜ ਲਗਾਏ ਧਰਨਿਆਂ ਦੀ ਹਮਾਇਤ ਵੀ ਕੀਤੀ। ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਖੇੜਾ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਮੁੱਚੀ ਜਥੇਬਦੀ ਵੱਲੋਂ ਪੰਜਾਬ ਪੱਧਰ ਤੇ ਕਿਸਾਨਾਂ ਦੁਆਰਾ ਆਪਣੇ ਹੱਕਾਂ ਦੀ ਰਾਖੀ ਲਈ ਵਿੱਢੇ ਸੰਘਰਸ਼ ਦੀ ਹਮਾਇਤ ਦਾ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਅਤੇ ਅੱਜ ਜਥੇਬੰਦੀ ਦੇ ਨਿਰਦੇਸ਼ਾਂ ਅਨੁਸਾਰ ਸਮੁੱਚੇ ਸੂਬੇ ਦੇ ਪਟਵਾਰੀਆਂ ਨੇ ਕਾਲੇ ਬਿੱਲੇ ਲਗਾ ਕੇ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਇਸ ਆਰਡੀਨੈਂਸ ਦਾ ਵਿਰੋਧ ਕੀਤਾ। ਖੇੜਾ ਨੇ ਕਿਹਾ ਕਿ ਜੇਕਰ ਦੇਸ਼ ਦੀਆਂ ਸਰਕਾਰਾਂ ਹੀ ਅੰਨਦਾਤੇ ਖ਼ਿਲਾਫ਼ ਕਾਨੂੰਨ ਬਣਾਉਣ ਲੱਗ ਜਾਣ ਤਾਂ ਆਉਣ ਵਾਲੇ ਸਮੇਂ ਦੌਰਾਨ ਦੇਸ਼ ਨੂੰ ਇਸਦੇ ਗੰਭੀਰ ਸਿੱਟੇ ਭੁਗਤਣ ਲਈ ਤਿਆਰ ਹੋਣਾ ਪਵੇਗਾ। ਇਸ ਮੌਕੇ ਜਥੇਬੰਦੀ ਦੀ ਤਹਿਸੀਲ ਇਕਾਈ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਨੇ ਕਿਹਾ ਕਿ ਮਾਲ ਵਿਭਾਗ ਦਾ ਕਿਸਾਨਾਂ ਦਾ ਸਿੱਧਾ ਸਬੰਧ ਹੈ ਅਤੇ ਜੇਕਰ ਕਿਸਾਨਾਂ ਕੋਲ ਜ਼ਮੀਨਾਂ ਹੀ ਨਹੀਂ ਰਹਿਣਗੀਆਂ ਤਾਂ ਆਉਣ ਵਾਲੇ ਸਮੇਂ ਦੌਰਾਨ ਇਨ੍ਹਾਂ ਵਿਭਾਗਾਂ ਤੋਂ ਇਕੱਠੇ ਹੋਣ ਵਾਲੇ ਮਾਲੀਏ ਤੇ ਵੀ ਸਰਕਾਰਾਂ ਨੂੰ ਸਿੱਧਾ ਅਸਰ ਪਵੇਗਾ। ਅੱਜ ਦਿਨ ਭਰ ਪਟਵਾਰੀਆਂ ਨੇ ਆਪਣੀ ਡਿਊਟੀ ਦੌਰਾਨ ਕਾਲੇ ਬਿੱਲੇ ਲਗਾ ਕੇ ਕਿਸਾਨਾਂ ਦੇ ਇਸ ਸੰਘਰਸ਼ 'ਚ ਆਪਣਾ ਯੋਗਦਾਨ ਪਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਟਵਾਰੀ ਵੈਸ਼ਨੂੰ ਦਾਸ, ਪਟਵਾਰੀ ਚਤਰਪਾਲ ਸਿੰਘ, ਪਟਵਾਰੀ ਕੁਲਵਿੰਦਰ ਸਿੰਘ, ਪਟਵਾਰੀ ਰਾਹੁਲ ਕਟਾਰੀਆ, ਪਟਵਾਰੀ ਗੌਰਵ ਜੰਡ, ਪਟਵਾਰੀ ਅਮਰਿੰਦਰ ਸਿੰਘ, ਪਟਵਾਰੀ ਗੁਰਜੋਤ ਸਿੰਘ, ਪਟਵਾਰੀ ਮਨਮੋਹਨ ਸਿੰਘ, ਪਟਵਾਰੀ ਸੌਰਵ ਸ਼ੁਕਲਾ, ਅਮਨਦੀਪ ਗੌਤਮ, ਗਿਆਨ ਸਿੰਘ ਅਤੇ ਸੁਨੀਲ ਗੌਤਮ ਸਮੇਤ ਹੋਰਨਾਂ ਵੀ ਕਾਲੇ ਬਿੱਲੇ ਲਗਾ ਕੇ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਗਟ ਕੀਤਾ।