ਜੇਐੱਨਐੱਨ, ਮਨੀਮਾਜਰਾ

ਇੰਦਰਾ ਕਾਲੋਨੀ ਤੇ ਸੁਭਾਸ਼ ਨਗਰ ਵਿਚਾਲੇ ਬਣਿਆ ਪਾਰਕ ਨਿਯਮਤ ਸਫ਼ਾਈ ਦੀ ਘਾਟ ਕਾਰਨ ਗੰਦਗੀ ਦਾ ਗੜ੍ਹ ਬਣਦਾ ਜਾ ਰਿਹਾ ਹੈ। ਇਹੀ ਨਹੀਂ ਇਹ ਪਾਰਕ ਗ਼ੈਰ ਸਮਾਜੀ ਅਨਸਰਾਂ ਦਾ ਅੱਡਾ ਬਣ ਕੇ ਰਹਿ ਗਿਆ ਹੈ।

ਦੱਸਣਯੋਗ ਹੈ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਇਸ ਗ੍ਰੀਨ ਪਾਰਕ ਨੂੁੰ ਬਣਿਆਂ ਹਾਲੇ ਸੱਤ-ਅੱਠ ਮਹੀਨੇ ਹੋਏ ਹਨ ਪਰ ਪਾਰਕ ਦੀ ਹਾਲਤ ਬਦਹਾਲ ਹੋ ਚੁੱਕੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਹਨੇਰਾ ਹੁੰਦੇ ਸਾਰ ਕਈ ਸ਼ਰਾਬੀ ਆ ਜਾਂਦੇ ਹਨ ਤੇ ਸ਼ਰੇਆਮ ਪੀਂਦੇ ਹਨ। ਉਹ ਇੱਥੇ ਸ਼ਰਾਬ ਦੀਆਂ ਖਾਲੀ ਬੋਤਲਾਂ ਸੁੱਟ ਕੇ ਚਲੇ ਜਾਂਦੇ ਹਨ। ਇਸ ਮਗਰੋਂ ਕੁਝ ਸ਼ਰਾਬੀ ਗਾਲੀ ਗਲੋਚ ਵੀ ਕਰਦੇ ਹਨ। ਇਨ੍ਹਾਂ ਸ਼ਰਾਬੀਆਂ ਦਾ ਰੌਲਾ ਰੱਪਾਂ ਲੋਕਾਂ ਦੇ ਘਰਾਂ ਤਕ ਸੁਣਦਾ ਹੈ।

ਇਸ ਬਾਰੇ ਸਮਾਜ ਸੇਵਿਕਾ ਪ੍ਰਰੀਤੀ ਅਰੋੜਾ ਦਾ ਕਹਿਣਾ ਹੈ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੇ ਪਾਰਕ ਵਿਚ ਜਾਣ ਤੋਂ ਲੋਕ ਕਤਰਾਉਣ ਲੱਗੇ ਹਨ। ਇੱਥੇ ਚਾਰੇ ਪਾਸੇ ਗੰਦਗੀ ਫੈਲੀ ਹੈ। ਜੇ ਕੋਈ ਵਿਅਕਤੀ ਪਾਰਕ ਵਿਚ ਯੋਗ ਆਸਨ ਕਰਨ ਜਾਂਦਾ ਹੈ ਤਾਂ ਗੰਦਗੀ ਕਾਰਨ ਉਹ ਨਿਰ ਉਤਸ਼ਾਹਤ ਹੋ ਜਾਂਦਾ ਹੈ। ਪਾਰਕ ਵਿਚ ਵਾਤਾਵਰਣ ਦੂਸ਼ਤ ਹੋਣ ਕਾਰਨ ਬੱਚੇ ਵੀ ਜਾਣ ਦੀ ਬਜਾਏ ਘਰ ਬੈਠ ਕੇ ਟੀਵੀ ਦੇਖਣਾ ਜਾਂ ਵੀਡੀਓ ਗੇਮ ਖੇਡਣਾ ਪਸੰਦ ਕਰਦੇ ਹਨ।

ਊਸ਼ਾ ਰਾਣੀ ਮੁਤਾਬਕ ਸ਼ਾਮ ਢੱਲਦੇ ਸਾਰ ਪਾਰਕ ਵਿਚ ਮਾੜੇ ਅਨਸਰ ਆ ਜਾਂਦੇ ਹਨ। ਇਸ ਲਈ ਬੱਚਿਆਂ ਤੇ ਬਜ਼ੁਰਗਾਂ ਦੀ ਸੁਰੱਖਿਆ ਸਤਾਉਣ ਲੱਗਦੀ ਹੈ। ਇੱਥੇ ਆਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਸ ਬਾਰੇ ਕਈ ਵਾਰ ਸ਼ਿਕਾਇਤ ਕੀਤੀ ਗਈ ਹੈ ਪਰ ਕੋਈ ਲਾਭ ਨਹੀਂ ਹੋਇਆ। ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਸਫ਼ਾਈ ਮੁਲਾਜ਼ਮਾਂ ਦੇ ਮਹੀਨਿਆਂ ਤਕ ਦਰਸ਼ਨ ਨਹੀਂ ਹੁੰਦੇ, ਇਸ ਲਈ ਸਥਿਤੀ ਦਿਨ ਬ ਦਿਨ ਖ਼ਰਾਬ ਹੁੰਦੀ ਜਾ ਰਹੀ ਹੈ।

ਨਿਸ਼ੀ ਚੌਹਾਨ ਦਾ ਕਹਿਣਾ ਹੈ ਕਿ ਇਲਾਕੇ ਵਿਚ ਲੋਕਾਂ ਦੇ ਸੈਰ ਕਰਨ ਤੇ ਮਨ ਪਰਚਾਵੇ ਲਈ ਨਿਗਮ ਨੇ ਪਾਰਕ ਬਣਾਏ ਹਨ। ਜਦਕਿ ਇਸ ਪਾਰਕ ਵਿਚ ਕਦੇ ਵਡੇਰੀ ਉਮਰ ਦੇ ਵਿਅਕਤੀ ਤੇ ਬੱਚੇ ਆਉਂਦੇ ਸਨ ਪਰ ਹੁਣ ਆਲੇ ਦੁਆਲੇ ਦੀਆਂ ਕਾਲੋਨੀਆਂ ਦੇ ਗ਼ੈਰ ਸਮਾਜੀ ਤੱਤਾਂ ਦਾ ਜਮਾਵੜਾ ਲੱਗਿਆ ਰਹਿੰਦਾ ਹੈ। ਇਨ੍ਹਾਂ ਮਨਚਲਿਆਂ ਕਾਰਨ ਇੱਥੇ ਸੈਰ ਕਰਨ ਆਉਣ ਵਾਲਿਆਂ ਦਾ ਮਨ ਖਰਾਬ ਹੁੰਦਾ ਹੈ। ਬੱਚਿਆਂ ਨੂੰ ਖੇਡਣ ਵਿਚ ਪਰੇਸ਼ਾਨੀ ਪੇਸ਼ ਆਉਂਦੀ ਹੈ।

ਪਾਉਲੀ ਮੁਤਾਬਕ ਲੱਖਾਂ ਰੁਪਏ ਖ਼ਰਚ ਕੀਤੇ ਗਏ ਹਨ ਪਰ ਕੋਈ ਫ਼ਾਇਦਾ ਨਹੀਂ ਹੋਇਆ ਹੈ। ਮੌਜੂਦਾ ਦੌਰ ਵਿਚ ਪਾਰਕ ਦੇ ਸੁੰਦਰੀਕਰਨ ਲਈ ਜਿਹੜੇ ਫੁੱਲ ਬੂਟੇ ਲੱਗੇ ਹਨ, ਕਈ ਲੋਕ ਤੋੜ ਕੇ ਲੈ ਜਾਂਦੇ ਹਨ। ਬੱਚਿਆਂ ਦੇ ਖੇਡਣ ਲਈ ਝੂਟਾ ਲੱਗਣਾ ਤਾਂ ਦੂਰ ਇੱਥੇ ਬੈਂਚ ਹੀ ਨਹੀਂ ਹਨ। ਇਸੇ ਪਾਰਕ ਵਿਚ ਪਹਿਲਾਂ ਮਹਿਫ਼ਲਾਂ ਲੱਗਦੀਆਂ ਸਨ ਪਰ ਹੁਣ ਹਰ ਪਾਸੇ ਸ਼ਰਾਬ ਦੀਆਂ ਬੋਤਲਾਂ ਵੇਖ ਕੇ ਜਾਣ ਦਾ ਜੀਅ ਨਹੀਂ ਕਰਦਾ ਹੈ।