ਸਟੇਟ ਬਿਊਰੋ, ਚੰਡੀਗੜ੍ਹ : ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਇਕ ਵਾਰ ਮੁੜ ਵੱਡਾ ਬਿਆਨ ਦੇ ਕੇ ਕਾਂਗਰਸ ’ਚ ਹਲਚਲ ਪੈਦਾ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ 2022 ’ਚ ਲੋਕ ਕਾਂਗਰਸ ਪਾਰਟੀ ਨੂੰ ਵੋਟ ਦੇਣ ਤੋਂ ਪਹਿਲਾਂ ਸੋਚਣਗੇ ਕਿਉਂਕਿ ਸਰਕਾਰ ਦੀ ਪਰਫਾਰਮੈਂਸ ਓਨੀ ਚੰਗੀ ਨਹੀਂ ਹੈ, ਜਿੰਨੀ ਹੋਣੀ ਚਾਹੀਦੀ ਸੀ।

ਵਿਧਾਇਕ ਨੇ ਕਿਹਾ ਕਿ 2017 ’ਚ ਕੈਪਟਨ ਅਮਰਿੰਦਰ ਸਿੰਘ ਦੇ ਨਾਂ ’ਤੇ ਲੋਕਾਂ ਨੇ ਕਾਂਗਰਸ ਨੂੰ ਵੋਟ ਪਾਈ ਸੀ ਕਿਉਂਕਿ ਉਦੋਂ ਵਾਟਰ ਟਰਮੀਨੇਸ਼ਨ ਐਕਟ ਤੇ ਹੋਰ ਇਤਿਹਾਸਕ ਫੈਸਲਿਆਂ ਨੂੰ ਲੈ ਕੇ ਲੋਕਾਂ ’ਚ ਉਨ੍ਹਾਂ ਦਾ ਅਕਸ ਚੰਗਾ ਸੀ ਪਰ ਹੁਣ ਸਰਕਾਰ ਦੀ ਪਰਫਾਰਮੈਂਸ ਓਨੀ ਚੰਗੀ ਨਹੀਂ ਹੈ।

ਪਰਗਟ ਨੇ ਸੁਨੀਲ ਜਾਖੜ ਵੱਲੋਂ 2022 ’ਚ ਕੈਪਟਨ ਦੀ ਅਗਵਾਈ ’ਚ ਚੋਣ ਲੜਨ ਦੇ ਐਲਾਨ ’ਤੇ ਕਿਹਾ ਕਿ,‘‘ਜਾਖੜ ਸੂਬਾਈ ਪ੍ਰਧਾਨ ਹਨ ਪਰ ਮੇਰਾ ਮੰਨਣਾ ਹੈ ਕਿ ਇਹ ਫ਼ੈਸਲਾ ਪਾਰਟੀ ਹਾਈ ਕਮਾਨ ਨੂੰ ਕਰਨਾ ਚਾਹੀਦਾ ਹੈ। ਪਾਰਟੀ ਹਾਈ ਕਮਾਨ ਹੀ ਤੈਅ ਕਰੇ ਕਿ ਕਿਸ ਦੀ ਅਗਵਾਈ ’ਚ ਚੋਣ ਲੜੀ ਜਾਵੇਗੀ।’’

ਨਸ਼ੇ ਦੇ ਮੁੱਦੇ ’ਤੇ ਹਾਕੀ ਓਲੰਪੀਅਨ ਨੇ ਫਿਰ ਸਰਕਾਰ ’ਤੇ ਉਂਗਲੀ ਚੁੱਕੀ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਾਰ ਹਫਤਿਆਂ ’ਚ ਨਸ਼ਾ ਖ਼ਤਮ ਕਰਨ ਦੇ ਐਲਾਨ ਨੂੰ ਗ਼ੈਰ-ਵਿਵਹਾਰਕ ਦੱਸਿਆ।

ਉੱਧਰ, ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਪਹਿਲਾਂ ਹੀ ਜਾਖੜ ਦੇ ਇਸ ਐਲਾਨ ’ਤੇ ਸਵਾਲ ਉਠਾ ਚੁੱਕੇ ਹਨ। ਉਧਰ ਪਾਰਟੀ ਦੇ ਇਕ ਸੀਨੀਅਰ ਆਗੂ ਦਾ ਕਹਿਣਾ ਹੈ ਕਿ ਜੇਕਰ ਪ੍ਰਦੇਸ਼ ਪ੍ਰਧਾਨ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰੇਗਾ ਤਾਂ ਫਿਰ ਹਾਈ ਕਮਾਨ ਦਾ ਕੀ ਕੰਮ ਹੈ।


ਪਰਗਟ ਸਹੀ ਕਹਿ ਰਹੇ ਹਨ : ਜਾਖੜ

ਪਰਗਟ ਸਿੰਘ ਦੇ ਸਵਾਲ ਉਠਾਉਣ ਨੂੰ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਸਹੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਸਹੀ ਹੈ ਕਿ ਸੀਐੱਲਪੀ ਦੀ ਬੈਠਕ ’ਚ ਪਾਰਟੀ ਆਗੂ ਦਾ ਨਾਂ ਤੈਅ ਹੁੰਦਾ ਹੈ। ਪਾਰਟੀ ਹਾਈ ਕਮਾਨ ਉਸ ’ਤੇ ਮੋਹਰ ਲਾਉਂਦੀ ਹੈ ਪਰ ਇਸ ਦੇ ਲਈ ਚੋਣ ਲੜਨੀ ਪੈਂਦੀ ਹੈ। ਚੋਣ ’ਚ ਚਿਹਰਾ ਸਾਹਮਣੇ ਆਉਂਦਾ ਹੈ। ਜਾਖੜ ਨੇ ਕਿਹਾ ਕਿ ਉਨ੍ਹਾਂ ਇਹ ਕਦੇ ਨਹੀਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੀ ਮੁੱਖ ਮੰਤਰੀ ਹੋਣਗੇ। ਉਨ੍ਹਾਂ ਦਾ ਮਤਲਬ ਸੀ ਕਿ 2022 ਦੀ ਚੋਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਲੜੀ ਜਾਵੇਗੀ।

Posted By: Jagjit Singh