ਜ. ਸ., ਪੰਚਕੂਲਾ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਦੋ ਵਿਸ਼ਵ ਯੁੱਧ ਹੋ ਚੁੱਕੇ ਹਨ ਅਤੇ ਹੁਣ ਜੇਕਰ ਤੀਜਾ ਵਿਸ਼ਵ ਯੁੱਧ ਹੋਇਆ ਤਾਂ ਉਹ ਪਾਣੀ ਦੇ ਲਈ ਹੋਵੇਗਾ। ਸਾਨੂੰ ਪਾਣੀ ਦੇੇ ਮਹੱਤਵ ਨੂੰ ਸਮਝਣਾ ਹੋਵੇਗਾ ਅਤੇ ਇਸ ਦੀ ਸੁਚੱਜੀ ਵਰਤੋਂ ਕਰਨੀ ਹੋਵੇਗੀ। ਉਹ ਅੱਜ ਇਥੇ ਪੰਚਕੂਲਾ 'ਚ 7500 ਸੂਖਮ ਸਿੰਚਾਈ ਪ੍ਰਦਰਸ਼ਨੀ ਯੋਜਨਾਵਾਂ ਨੂੰ ਲੋਕ ਅਰਪਣ ਕਰਨ ਤੋਂ ਬਾਅਦ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਇਸ ਸਬੰਧੀ ਪੰਜ ਮੋਬਾਈਲ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਨਾਲ ਹੀ ਸਾਰੇ ਜ਼ਿਲਿ੍ਹਆਂ 'ਚ ਜਲ ਸੁਰੱਖਿਆ ਦੇ ਸੰਦੇਸ਼ ਲਈ ਦੋ-ਦੋ ਵਾਹਨਾਂ ਨੂੰ ਅੱਜ ਰਵਾਨਾ ਕੀਤਾ।

ਮੁੱਖ ਮੰਤਰੀ ਨੇ ਮਿਕਾਡਾ ਦੇ ਪੋਰਟਲ ਨੂੰ ਵੀ ਲਾਂਚ ਕੀਤਾ। ਉਨ੍ਹਾਂ ਕਿਹਾ ਕਿ ਪਾਣੀ ਹੀ ਜੀਵਨ ਹੈ ਤੇ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਨੂੰ ਬਚਾਅ ਕੇ ਰੱਖਣਾ ਹੋਵੇਗਾ। ਅੱਜ ਪਾਣੀ ਚੁਣੌਤੀ ਬਣ ਗਿਆ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਵਨ ਡ੍ਰੋਪ ਮੋਰ ਕਰੋਪ' ਦਾ ਐਲਾਨ ਕੀਤਾ ਸੀ ਅਤੇ ਹਰਿਆਣਾ ਨੇ ਉਨ੍ਹਾਂ ਦੇ ਇਸ ਵਿਜ਼ਨ ਨੂੰ ਅੱਗੇ ਵਧਾਇਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ 'ਚ ਲਗਭਗ 200 ਪਾਣੀ ਸੋਧਣ ਵਾਲੇ ਪਲਾਂਟ ਹਨ ਅਤੇ 50 ਫੀਸਦੀ ਤੋਂ ਵੱਧ ਸੋਧਿਆ ਪਾਣੀ ਦੋਬਾਰਾ ਵਰਤੋਂ 'ਚ ਲਿਆਂਦਾ ਜਾ ਰਿਹਾ ਹੈ। ਕੁਦਰਤੀ ਜਲ ਸਰੋਤਾਂ ਨੂੰ ਵੀ ਬਚਾਉਣਆ ਹੋਵੇਗਾ ਕਿਉਂਕਿ ਪਾਣੀ ਅਸੀਂ ਪੈਦਾ ਨਹੀਂ ਕਰ ਸਕਦੇ। ਇਸ ਮੌਕੇ ਸਿੰਚਾਈ ਤੇ ਜਲ ਸਾਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਦਵਿੰਦਰ ਸਿੰਘ ਨੇ ਕਿਹਾ ਕਿ ਸੂਬੇ ਦੇ 142 ਬਲਾਕਾਂ 'ਚੋਂ 85 ਬਲਾਕ ਡਰਕ ਜ਼ੋਨ 'ਚ ਚਲੇ ਗਏ ਹਨ। ਇਥੇ ਪਾਣੀ 100 ਮੀਟਰ ਹੇਠਾਂ ਚਲਾ ਗਿਆ ਹੈ।

ਇਸ ਸਮਾਰੋਹ 'ਚ ਹਰਿਆਣਾ ਵਿਧਾਨ ਸਭਾ ਦੇ ਮੈਂਬਰ ਗਿਆਨ ਚੰਦ ਗੁਪਤਾ, ਕਿ੍ਸ਼ੀ ਤੇ ਕਿਸਾਨ ਕਲਿਆਣਮੰਤਰੀ ਜੇਪੀ ਦਲਾਲ, ਸੰਸਦ ਮੈਂਬਰ ਰਤਨ ਲਾਲ ਕਟਾਰੀਆ, ਮੇਅਰ ਕੁਲਭਸ਼ਣ ਗੋਇਲ, ਆਨੰਦ ਅਰੋੜਾ, ਕਿ੍ਸ਼ੀ ਤੇ ਕਿਸਾਨ ਕਲਿਆਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸਰਾ ਅਤੇ ਮਹਾਨਿਰਦੇਸ਼ਕ ਡਾ. ਹਰਦੀਪ ਸਿੰਘ ਮੁੱਖ ਤੌਰ 'ਤੇ ਹਾਜ਼ਰ ਸਨ।