ਜਲੰਧਰ। ਸੂਬੇ ਵਿੱਚ ਸਰਕਾਰੀ ਬੱਸਾਂ ਦੇ ਪਹੀਏ ਅਗਲੇ ਤਿੰਨ ਦਿਨਾਂ ਲਈ ਠੱਪ ਹੋ ਗਏ ਹਨ। ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਸ਼ਨੀਵਾਰ ਰਾਤ 12 ਵਜੇ ਤੋਂ ਸ਼ੁਰੂ ਕੀਤੀ ਗਈ ਹੜਤਾਲ ਦਾ ਅਸਰ ਬੱਸ ਸਟੈਂਡ ’ਤੇ ਬੱਸਾਂ ਦੀ ਉਡੀਕ ਕਰ ਰਹੇ ਸਵਾਰੀਆਂ ’ਤੇ ਸਾਫ਼ ਨਜ਼ਰ ਆ ਰਿਹਾ ਹੈ। ਮਹਾਨਗਰ ਦੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅੰਤਰਰਾਜੀ ਬੱਸ ਅੱਡੇ ’ਤੇ ਸਵਾਰੀਆਂ ਬੱਸਾਂ ਦਾ ਇੰਤਜ਼ਾਰ ਕਰ ਰਹੀਆਂ ਹਨ ਪਰ ਬੱਸ ਅੱਡੇ ’ਤੇ ਸਿਰਫ਼ ਪ੍ਰਾਈਵੇਟ ਤੇ ਹੋਰ ਸਰਕਾਰੀ ਬੱਸਾਂ ਹੀ ਨਜ਼ਰ ਆ ਰਹੀਆਂ ਹਨ, ਜੋ ਕਿ ਸਵਾਰੀਆਂ ਦੀ ਗਿਣਤੀ ਦੇ ਹਿਸਾਬ ਨਾਲ ਕਾਫ਼ੀ ਨਹੀਂ ਹਨ। ਅੰਤਰ-ਰਾਜੀ ਰੂਟਾਂ 'ਤੇ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਸਭ ਤੋਂ ਵੱਡੀ ਸਮੱਸਿਆ ਇਸ ਲਈ ਹੈ ਕਿਉਂਕਿ ਉਨ੍ਹਾਂ ਨੂੰ ਸਿਰਫ਼ ਦੂਜੇ ਸੂਬਿਆਂ ਦੀਆਂ ਬੱਸਾਂ ਦਾ ਹੀ ਇੰਤਜ਼ਾਰ ਕਰਨਾ ਪੈਂਦਾ ਹੈ।

ਪੰਜਾਬ ਭਰ ਵਿੱਚ ਪਨਬੱਸ ਅਤੇ ਪੀਆਰਟੀਸੀ ਦੇ ਠੇਕੇ ’ਤੇ ਰੱਖੇ ਮੁਲਾਜ਼ਮਾਂ ਨੇ ਐਤਵਾਰ ਭਾਵ ਅੱਜ ਤੋਂ ਤਿੰਨ ਦਿਨਾਂ ਲਈ ਹੜਤਾਲ ’ਤੇ ਜਾਣ ਦਾ ਫੈਸਲਾ ਕੀਤਾ ਹੈ।

ਸੂਤਰਾਂ ਦੁਆਰਾ ਮਿਲੀ ਜਾਣਕਾਰੀ ਅਨੁਸਾਰ ਠੇਕੇ ’ਤੇ ਰੱਖੇ ਮੁਲਾਜ਼ਮਾਂ ਨੇ ਆਪਣੀਆਂ ਬੱਸਾਂ ਵਰਕਸ਼ਾਪਾਂ ਵਿੱਚ ਖੜ੍ਹੀਆਂ ਕਰ ਦਿੱਤੀਆਂ ਹਨ ਤੇ ਰੈਗੂਲਰ ਮੁਲਾਜ਼ਮਾਂ ਵਾਲੀਆਂ ਬੱਸਾਂ ਹੀ ਚੱਲਣਗੀਆਂ। ਇਹ ਕਰਮਚਾਰੀ ਯੂਨੀਅਨਾਂ, ਟਰਾਂਸਪੋਰਟ ਮੰਤਰੀ ਤੇ ਟਰਾਂਸਪੋਰਟ ਸਕੱਤਰ ਵਿਚਕਾਰ ਕਈ ਅਸਫਲ ਮੀਟਿੰਗਾਂ ਤੋਂ ਬਾਅਦ ਫੈਸਲਾ ਲਿਆ ਗਿਆ ਹੈ।

14 ਅਗਸਤ ਤੋਂ ਸ਼ੁਰੂ ਹੋ ਕੇ 16 ਅਗਸਤ ਤੱਕ ਜਾਰੀ ਰਹੇਗੀ ਹੜਤਾਲ

ਜਾਣਕਾਰੀ ਅਨੁਸਾਰ ਇਹ ਹੜਤਾਲ 14 ਅਗਸਤ ਤੋਂ ਸ਼ੁਰੂ ਹੋ ਕੇ 16 ਅਗਸਤ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਜਿਸ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੂਤਰਾਂ ਨੇ ਦੱਸਿਆ ਕਿ ਐਤਵਾਰ ਨੂੰ ਲੁਧਿਆਣਾ ਦੇ 27 ਡਿਪੂਆਂ ਦੀਆਂ ਪਨਬੱਸ ਅਤੇ ਪੀਆਰਟੀਸੀ ਦੀਆਂ ਬੱਸਾਂ ਨਹੀਂ ਚੱਲਣਗੀਆਂ। ਠੇਕਾ ਮੁਲਾਜ਼ਮ ਡਿਪੂਆਂ ਦੇ ਬਾਹਰ ਧਰਨਾ ਦੇਣਗੇ।

ਇਸ ਤੋਂ ਇਲਾਵਾ ਠੇਕਾ ਮੁਲਾਜ਼ਮਾਂ ਨੇ 15 ਅਗਸਤ ਯਾਨੀ ਆਜ਼ਾਦੀ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਲੁਧਿਆਣਾ ਵਿਖੇ ਹੋਣ ਵਾਲੇ ਸਮਾਗਮ ਵਿੱਚ ਵੀ ਰੋਸ ਮੁਜ਼ਾਹਰਾ ਕੀਤਾ ਹੈ।

ਇਸ ਮੌਕੇ ਮੁਲਾਜ਼ਮਾਂ ਦਾ ਦਾਅਵਾ ਹੈ ਕਿ ਪੰਜਾਬ ਚੋਣਾਂ 2022 ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਨੇ ਸੱਤਾ ਵਿੱਚ ਆਉਣ 'ਤੇ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਹਨ। ਉਂਜ ਵਿਭਾਗ ਵੱਲੋਂ ਠੇਕੇ ’ਤੇ ਰੱਖੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਵਿੱਚ ਵੀ ਮੁਸ਼ਕਲ ਪੇਸ਼ ਆ ਰਹੀ ਹੈ ਅਤੇ ਉਨ੍ਹਾਂ ਨੂੰ ਰੈਗੂਲਰ ਕਰਨ ਲਈ ਕੁਝ ਨਹੀਂ ਕੀਤਾ ਜਾ ਰਿਹਾ।

Posted By: Ramanjit Kaur