ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪ੍ਰਸਿੱਧ ਲੋਕ ਗਾਇਕ ਪਰਮਜੀਤ ਸਿੰਘ ਸਿੱਧੂ 'ਪੰਮੀ ਬਾਈ' ਦੀ ਨਵੀਂ ਐਲਬਮ 'ਨੱਚ ਨੱਚ ਪਾਉਣੀ ਧਮਾਲ-2' ਨੂੰ ਬੁੱਧਵਾਰ ਨੂੰ ਲੋਕ ਅਰਪਣ ਕੀਤਾ ਗਿਆ। ਪੰਮੀ ਬਾਈ ਜਿਸ ਨੇ ਇਸ ਸਾਲ ਆਪਣੇ ਗਾਇਕੀ ਦੇ 25 ਸਾਲ ਪੂਰੇ ਕੀਤੇ ਹਨ, ਦੀ ਇਹ 15ਵੀਂ ਐਲਬਮ ਹੈ, ਜਿਸ ਵਿਚ ਨੌ ਗੀਤ ਹੈ।

ਸੈਕਟਰ-16 ਸਥਿਤ ਪੰਜਾਬ ਕਲਾ ਭਵਨ ਦੇ ਵਿਹੜੇ ਹੋਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿਚ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਹਰਦੀਪ ਸਿੰਘ ਢਿੱਲੋਂ, ਰਾਜ ਸੂਚਨਾ ਕਮਿਸ਼ਨਰ ਅਤੇ ਪੰਜਾਬ ਵਿਰਾਸਤ ਮੰਚ ਮੋਗਾ ਦੇ ਚੇਅਰਮੈਨ ਨਿਧੜਕ ਸਿੰਘ ਬਰਾੜ, ਸਾਬਕਾ ਆਈ.ਏ.ਐਸ. ਇਕਬਾਲ ਸਿੰਘ ਸਿੱਧੂ ਅਤੇ ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਤੇ ਲੇਖਕ ਨਿੰਦਰ ਘੁਗਿਆਣਵੀ ਵੱਲੋਂ ਨਵੀਂ ਐਲਬਮ ਦਾ ਪਹਿਲਾ ਗੀਤ 'ਇਸ਼ਕ ਦੀ ਮੂਰਤ' ਰਿਲੀਜ਼ ਕਰਦਿਆਂ ਕਿਹਾ ਕਿ ਪੰਮੀ ਬਾਈ ਨੇ ਸਾਫ ਸੁਥਰੀ ਗਾਇਕੀ ਤੇ ਅਮੀਰ ਪੰਜਾਬੀ ਸੱਭਿਆਚਾਰਕ ਵਿਰਾਸਤ ਨੂੰ ਅੱਗੇ ਤੋਰਿਆ ਹੈ।

ਪੰਮੀ ਬਾਈ ਨੇ ਦੱਸਿਆ ਕਿ ਸਿੰਗਲ ਟਰੈਕ ਦੇ ਜ਼ਮਾਨੇ ਵਿਚ ਉਸ ਨੇ ਸਰੋਤਿਆਂ ਦੀ ਪੁਰਜ਼ੋਰ ਮੰਗ 'ਤੇ ਨੌ ਗਾਣਿਆਂ ਨਾਲ ਸ਼ਿੰਗਾਰੀ ਐਲਬਮ ਬਣਾਈ ਹੈ ਜਿਸ ਨੂੰ ਨੱਚਦੀ ਜਵਾਨੀ ਫਿਲਮਜ਼ ਐਂਡ ਮਿਊਜ਼ਿਕ ਅਤੇ ਲਾਈਵ ਫੋਕ ਸਟੂਡੀਓ ਵੱਲੋਂ ਤਿਆਰ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਪਹਿਲਾ ਗੀਤ 'ਇਸ਼ਕ ਦੀ ਮੂਰਤ' ਕਲੀ ਹੈ ਜਿਸ ਨੂੰ ਆਡੀਓ ਤੇ ਵੀਡਿਓ ਫਾਰਮੈਟ ਵਿਚ ਰਿਲੀਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੂਜਾ ਗੀਤ 'ਬਾਬਾ ਨਾਨਕ' ਅਗਲੇ ਮਹੀਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਰਿਲੀਜ਼ ਕੀਤਾ ਜਾਵੇਗਾ ਜਿਸ ਵਿੱਚ ਪਾਕਿਸਤਾਨੀ ਗਾਇਕ ਸ਼ੌਕਤ ਅਲੀ ਦੇ ਬੇਟੇ ਨੇ ਵੀ ਸਾਥ ਦਿੱਤਾ ਹੈ। ਇਸ ਐਲਬਮ ਵਿਚ ਹੋਰਨਾਂ ਗੀਤਾਂ ਵਿਚ ਨੱਚ ਨੱਚ ਪਾਉਣੀ ਧਮਾਲ-2, ਗੁੱਸਾ, ਟਰਾਲਾ ਤੇਰੇ ਯਾਰ ਦਾ, ਰੱਬ ਦੀ ਸਹੁੰ, ਇਸ਼ਕ ਜ਼ਰੂਰੀ ਹੈ ਤੇ ਬੋਲੀਆਂ ਹਨ।

ਸਮਾਗਮ ਦੇ ਮੁੱਖ ਮਹਿਮਾਨ ਸਾਬਕਾ ਡੀ.ਜੀ.ਪੀ. ਅਤੇ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਹਰਦੀਪ ਸਿੰਘ ਢਿੱਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਮੀ ਬਾਈ ਨਾਲ ਉਨ੍ਹਾਂ ਦੀ ਸਾਂਝ 30 ਸਾਲ ਪੁਰਾਣੀ ਹੈ ਜਦੋਂ ਉਨ੍ਹਾਂ ਇਕੱਠਿਆਂ ਮਿਲ ਕੇ ਪੰਜਾਬ ਪੁਲਿਸ ਵਿਚ ਸੱਭਿਆਚਾਰ ਵਿੰਗ ਸਥਾਪਤ ਕੀਤਾ ਸੀ।

ਉਨ੍ਹਾਂ ਕਿਹਾ ਕਿ ਪੰਜਾਬੀ ਮਾਂ ਬੋਲੀ ਅੱਜ ਸਿਰਫ ਇਕ ਖਿੱਤੇ ਦੀ ਨਹੀਂ ਬਲਕਿ ਕੌਮਾਂਤਰੀ ਪੱਧਰ 'ਤੇ ਫੈਲੀ ਹੋਈ ਹੈ। ਪੰਜਾਬੀ ਸੰਗੀਤ ਗੋਰਿਆਂ ਦੇ ਵੀ ਪੈਰ ਥਿਰਕਣ ਲਾ ਦਿੰਦਾ ਹੈ। ਪੰਜਾਬੀ ਸੱਭਿਆਚਾਰ ਤੇ ਵਿਰਸੇ ਦਾ ਕੋਈ ਮੁਕਾਬਲਾ ਨਹੀਂ ਅਤੇ ਪੰਮੀ ਬਾਈ ਜਿਹੇ ਫ਼ਨਕਾਰਾਂ ਨੇ ਇਸ ਨੂੰ ਹੋਰ ਵੀ ਅਮੀਰੀ ਬਖ਼ਸ਼ੀ ਹੈ।

ਰਾਜ ਸੂਚਨਾ ਕਮਿਸ਼ਨਰ ਨਿਧੜਕ ਸਿੰਘ ਬਰਾੜ ਨੇ ਕਿਹਾ ਕਿ ਪੰਮੀ ਬਾਈ ਦੀ ਗਾਇਕੀ, ਨਾਚ, ਸੰਗੀਤ ਤੇ ਪਹਿਰਾਵਾ ਪੰਜਾਬੀ ਸੱਭਿਆਚਾਰ ਦੀ ਤਰਜ਼ਮਾਨੀ ਕਰਦੇ ਹਨ ਅਤੇ ਉਸ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਸਾਫ ਸੁਥਰੀ ਗਾਇਕੀ ਦੀ ਲੀਕ ਵੱਡੀ ਕਰ ਦਿੱਤੀ ਜਾਵੇ ਤਾਂ ਸੱਭਿਆਚਾਰਕ ਪ੍ਰਦੂਸ਼ਣ ਤੋਂ ਨਿਜਾਤ ਦਿਵਾਈ ਜਾ ਸਕਦੀ ਹੈ।

ਨਿੰਦਰ ਘੁਗਿਆਣਵੀ ਨੇ ਕਿਹਾ ਕਿ ਪੰਮੀ ਬਾਈ ਨੇ ਹਮੇਸ਼ਾ ਲੀਕ ਤੋਂ ਹਟਵਾਂ ਕੰਮ ਕੀਤਾ। ਉਨ੍ਹਾਂ ਨੇ ਆਪਣੇ 25 ਵਰਿ੍ਆਂ ਦੇ ਗਾਇਕੀ ਸਫ਼ਰ ਵਿਚ ਲੋਕ ਗਾਇਕੀ, ਲੋਕ ਸਾਜ਼ਾਂ ਤੇ ਲੋਕ ਨਾਚਾਂ ਨੂੰ ਕੁੱਲ ਦੁਨੀਆਂ ਤੱਕ ਪਹੁੰਚਾਇਆ ਹੈ।

ਲੇਖਕ ਨਵਦੀਪ ਸਿੰਘ ਗਿੱਲ ਨੇ ਗਾਇਕ ਪੰਮੀ ਬਾਈ ਦੇ ਜੀਵਨ 'ਤੇ ਝਾਤ ਪਾਉਂਦਿਆਂ ਦੱਸਿਆ ਕਿ ਸੰਗਰੂਰ ਜ਼ਿਲੇ੍ ਦੇ ਪਿੰਡ ਜਖੇਪਲ ਦੇ ਜੰਮਪਲ ਪੰਮੀ ਬਾਈ ਨੇ ਪ੍ਰਸਿੱਧ ਢੋਲੀ ਉਸਤਾਦ ਭਾਨਾ ਰਾਮ ਦੀ ਸ਼ਾਗਿਰਦੀ ਕਰਦਿਆਂ ਲੋਕ ਨਾਚ ਭੰਗੜਾ ਤੋਂ ਆਪਣੀ ਸ਼ੁਰੂਆਤ ਕੀਤੀ। ਮਲਵਈ ਗਿੱਧੇ ਨੂੰ ਮਕਬੂਲ ਕਰਨ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਪੰਮੀ ਬਾਈ ਦੀ ਪਹਿਲੀ ਐਲਬਮ 'ਮਾਝੇ ਮਾਲਵੇ ਦੋਆਬੇ ਦੀਆਂ ਬੋਲੀਆਂ' 1994 ਵਿੱਚ ਰਿਲੀਜ਼ ਹੋਈ ਸੀ ਅਤੇ ਇਹ ਸਾਲ ਉਸ ਦੀ ਗਾਇਕੀ ਦਾ ਸਿਲਵਰ ਜੁਬਲੀ ਵਰ੍ਹਾ ਹੈ।