ਪੰਜਾਬੀ ਜਾਗਰਣ ਬਿਉਰੋ, ਚੰਡੀਗੜ੍ਹ : ਉੱਡਣਾ ਸਿੱਖ ਦੇ ਨਾਂ ਨਾਲ ਮਸ਼ਹੂਰ ਪਦਮਸ੍ਰੀ ਮਿਲਖਾ ਸਿੰਘ ਦਾ ਦੇਰ ਰਾਤ ਪੀਜੀਆਈਐਮਆਰ ਵਿੱਚ ਦੇਹਾਂਤ ਹੋ ਗਿਆ। ਉਹ 91 ਸਾਲਾਂ ਦੇ ਸਨ। ਪੰਜ ਦਿਨ ਪਹਿਲਾਂ ਉਨ੍ਹਾਂ ਦੀ ਪਤਨੀ ਨਿਰਮਲ ਮਿਲਖਾ ਸਿੰਘ ( 85 ) ਦਾ ਦੇਹਾਂਤ ਹੋ ਗਿਆ ਸੀ।

ਜਾਣਕਾਰੀ ਮੁਤਾਬਕ ਮਿਲਖਾ ਸਿੰਘ ਦਾ ਸਸਕਾਰ ਅੱਜ ਸ਼ਾਮ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਅੱਜ ਸ਼ਾਮ 5 ਵਜੇ ਸੈਕਟਰ-25 ਸਥਿਤ ਸ਼ਮਸ਼ਾਨਘਾਟ 'ਚ ਮਿਲਖਾ ਸਿੰਘ ਦਾ ਸਸਕਾਰ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਇਕ ਦਿਨ ਦੇ ਸੋਗ ਦਾ ਵੀ ਐਲਾਨ ਕੀਤਾ ਹੈ। ਸਸਕਾਰ 'ਚ ਸ਼ਹਿਰ ਦੇ ਪ੍ਰਮੁੱਖ ਲੋਕਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਮਿਲ ਸਕਦੀ ਹੈ। ਮਿਲਖਾ ਸਿੰਘ ਦੀ ਦੇਹ ਸੈਕਟਰ-8 ਸਥਿਤ ਉਨ੍ਹਾਂ ਦੀ ਕੋਠੀ 'ਚ ਰੱਖੀ ਗਈ ਹੈ। ਘਰ ਦੇ ਬਾਹਰ ਮਿਲਖਾ ਸਿੰਘ ਤੇ ਉਨ੍ਹਾਂ ਦੀ ਪਤਨੀ ਨਿਰਮਲਾ ਕੌਰ ਦੀ ਫੋਟੋ ਰੱਖੀ ਹੋਈ ਹੈ ਜਿਸ 'ਤੇ ਫੁੱਲਾਂ ਦੀ ਮਾਲਾ ਚੜ੍ਹਾਈ ਗਈ ਹੈ। ਮਿਲਖਾ ਸਿੰਘ ਦੇ ਬੇਟੇ ਜੀਵ ਮਿਲਖਾ ਸਿੰਘ ਨੇ ਉਨ੍ਹਾਂ ਦੀ ਤਸਵੀਰ 'ਤੇ ਫੁੱਲ-ਮਾਲਾਵਾਂ ਭੇਟ ਕੀਤੀਆਂ। ਕੋਠੀ 'ਚ ਮ੍ਰਿਤਕ ਦੇਹ ਰੱਖੀ ਹੋਣ ਕਾਰਨ ਸ਼ਹਿਰ ਦੀਆਂ ਕਈ ਸ਼ਖ਼ਸੀਅਤਾਂ ਇੱਥੇ ਪਹੁੰਚ ਰਹੀਆਂ ਹਨ। ਸੁਰੱਖਿਆ ਦੇ ਲਿਹਾਜ਼ ਤੋਂ ਘਰ ਦੇ ਬਾਹਰ ਚੰਡੀਗੜ੍ਹ ਪੁਲਿਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ।


1958 ਦੇ ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਅਤੇ 1960 ਦੇ ਰੋਮ ਓਲੰਪੀਅਨ ਨੂੰ 20 ਮਈ ਨੂੰ ਉਨ੍ਹਾਂ ਦੇ ਪਰਿਵਾਰ ਦੇ ਇਕ ਰਸੋਈਏ ਦਾ ਕੋਰੋਨਾ ਟੈਸਟ ਪਾਜ਼ੇਟਿਵ ਹੋਣ ਤੋਂ ਬਾਅਦ 24 ਮਈ ਨੂੰ ਮੋਹਾਲੀ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ 30 ਮਈ ਨੂੰ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਗਈ ਸੀ। ਆਕਸੀਜਨ ਦੇ ਪੱਧਰ ਡਿੱਗਣ ਕਾਰਨ 3 ਜੂਨ ਨੂੰ ਪੀਜੀਆਈਐਮਆਰ ਵਿਖੇ ਨਹਿਰੂ ਹਸਪਤਾਲ ਦੇ ਐਕਸਟੈਨਸ਼ਨ ਵਿਚ ਮੁੜ ਦਾਖਲ ਕਰਵਾਇਆ ਗਿਆ ਸੀ।

ਉਨ੍ਹਾਂ ਦੇ ਬੇਟੇ ਜੀਵ ਮਿਲਖਾ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਪਿਤਾ ਜੀ ਦਾ ਦੇਹਾਂਤ ਹੋ ਗਿਆ ਹੈ।

ਪਿਛਲੇ ਦਿਨੀਂ, ਸਿੰਘ ਦੀ ਸਿਹਤ ਵਿਗੜਨ ਦੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਅਦ, ਉਸਦੇ ਬੇਟੇ ਜੀਵ ਮਿਲਖਾ ਸਿੰਘ ਨੇ ਪੁਸ਼ਟੀ ਕੀਤੀ ਸੀ ਕਿ ਉਸਦੇ ਪਿਤਾ ਦੀ ਸਿਹਤ ਠੀਕ ਨਹੀਂ ਹੈ।

Posted By: Jagjit Singh