- ਤਿੰਨ ਜੋੜਿਆਂ ਦੇ ਮਿਲਣ ਸਮੇਤ 147 ਕੇਸਾਂ ਦਾ ਨਿਪਟਾਰਾ
ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਮੁਹਾਲੀ ਵਿਖੇ 18 ਮਾਰਚ ਦਿਨ ਸ਼ਨਿੱਚਰਵਾਰ ਨੂੰ ਮੋਟਰ ਹਾਦਸਿਆਂ ਦੇ ਦਾਅਵਿਆਂ, ਜ਼ਮੀਨ ਐਕਵਾਇਰ ਅਤੇ ਪਰਿਵਾਰਕ ਮਾਮਲਿਆਂ ਦੇ ਨਿਪਟਾਰੇ ਲਈ ਵਿਸ਼ੇਸ਼ ਲੋਕ ਅਦਾਲਤ ਲਾਈ ਗਈ। ਇਸ 'ਚ ਵੱਖ-ਵੱਖ ਰਹਿ ਰਹੇ ਤਿੰਨ ਜੋੜਿਆਂ ਨੂੰ ਮਨਾ ਕੇ ਪਰਿਵਾਰ ਨੂੰ ਟੁੱਟਣ ਤੋਂ ਬਚਾਇਆ ਗਿਆ। ਇਸ ਦੌਰਾਨ ਜੱਜਾਂ ਨੇ ਉਨ੍ਹਾਂ ਨੂੰ ਸਮਝਾਇਆ ਕਿ ਪਰਿਵਾਰਕ ਮਾਮਲਿਆਂ ਦੌਰਾਨ ਕਈ ਵਾਰ ਝਗੜੇ ਹੋ ਜਾਂਦੇ ਹਨ ਪਰ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਖ਼ੁਸ਼ੀ ਨਾਲ ਬਤੀਤ ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਇਕ ਵਾਰ ਰਿਸ਼ਤਾ ਟੁੱਟ ਜਾਂਦਾ ਹੈ ਤਾਂ ਇਸ ਦਾ ਖ਼ਮਿਆਜ਼ਾ ਬੱਚਿਆਂ ਨੂੰ ਭੁਗਤਣਾ ਪੈਂਦਾ ਹੈ। ਇਸ ਦੌਰਾਨ ਫੈਮਲੀ ਲੋਕ ਅਦਾਲਤ ਦੇ ਮੁੱਖ ਜੱਜ ਬਰਜਿੰਦਰਪਾਲ ਸਿੰਘ ਨੇ ਤਿੰਨੋਂ ਜੋੜਿਆਂ ਨੂੰ ਇਕੱਠੇ ਰਹਿਣ ਲਈ ਪੇ੍ਰਿਆ।
ਉੱਥੇ ਹੀ ਲੋਕ ਅਦਾਲਤ 'ਚ 382 ਕੇਸਾਂ ਦੀ ਸੁਣਵਾਈ ਹੋਈ। ਇਨ੍ਹਾਂ 'ਚੋਂ 147 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ 12.87 ਕਰੋੜ ਰੁਪਏ ਦੇ ਐਵਾਰਡ ਪਾਸ ਕੀਤੇ ਗਏ। ਲੋਕ ਅਦਾਲਤਾਂ 'ਚ ਕੇਸਾਂ ਦੇ ਨਿਪਟਾਰੇ ਲਈ ਜ਼ਿਲ੍ਹਾ ਅਦਾਲਤ 'ਚ ਸੱਤ ਬੈਂਚਾਂ ਦਾ ਗਠਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਅਵਤਾਰ ਸਿੰਘ, ਸੰਦੀਪ ਕੁਮਾਰ ਸਿੰਗਲਾ, ਪਰੰਕਸ਼ਮੀਦਾਰ ਸਿੰਘ ਗਰੇਵਾਲ, ਅਵਤਾਰ ਸਿੰਘ, ਬਰਜਿੰਦਰ ਪਾਲ ਸਿੰਘ, ਜਗਜੀਤ ਸਿੰਘ, ਰਵਤੇਸ਼ ਇੰਦਰਜੀਤ ਸਿੰਘ ਨੇ ਕੀਤੀ।