ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਸਰਕਾਰੀ ਕੋਠੀ ਨੂੰ ਖ਼ਾਲੀ ਕਰਵਾਉਣ ਨੂੰ ਲੈ ਕੇ ਪ੍ਰਸ਼ਾਸਨ ਨੇ ਨਿਰਦੇਸ਼ ਦਿੱਤੇ ਹਨ। ਐੱਸਡੀਐੱਮ (ਸੈਂਟਰਲ) ਸੰਯਮ ਗਰਗ ਨੇ ਇਹ ਨਿਰਦੇਸ਼ ਜਾਰੀ ਕੀਤੇ ਹਨ। ਪ੍ਰਾਪਰਟੀ ਵਿਭਾਗ ਦੀ ਟੀਮ ਮੰਗਲਵਾਰ ਨੂੰ ਸੈਕਟਰ 5 ਸਥਿਤ ਕੋਠੀ ਨੰਬਰ 03/33 ਪੁੱਜੀ ਅਤੇ ਕੋਠੀ ਵਿਚ ਰਹਿ ਰਹੇ ਬੇਅੰਤ ਸਿੰਘ ਦੇ ਪੁੱਤਰ ਤੇਜ ਪ੍ਰਕਾਸ਼ ਸਿੰਘ ਨੂੰ ਨਿਰਦੇਸ਼ ਦੇ ਸਬੰਧ ਵਿਚ ਨੋਟਿਸ ਦਿੱਤਾ। ਯੂਟੀ ਹਾਊਸ ਅਲਾਟਮੈਂਟ ਕਮੇਟੀ ਪਹਿਲਾਂ ਹੀ ਇਸ ਸਰਕਾਰੀ ਕੋਠੀ ਦੀ ਅਲਾਟਮੈਂਟ ਰੱਦ ਕਰ ਚੁੱਕੀ ਹੈ।

ਇਹ ਕੋਠੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਦਿੱਤੀ ਗਈ ਸੀ। ਕਾਂਗਰਸੀ ਨੇਤਾ ਬੇਅੰਤ ਸਿੰਘ ਸਾਲ 1992 ਤੋਂ 95 ਤਕ ਪੰਜਾਬ ਦੇ ਮੁੱਖ ਮੰਤਰੀ ਰਹੇ ਸਨ। ਇਕ ਅੱਤਵਾਦੀ ਹਮਲੇ ’ਚ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ ਦਾ ਪਰਿਵਾਰ ਇਸ ਸਰਕਾਰੀ ਕੋਠੀ ’ਚ ਹਾਲੇ ਤਕ ਰਹਿ ਰਿਹਾ ਸੀ। ਜਦੋਂ ਪ੍ਰਾਪਰਟੀ ਵਿਭਾਗ ਵੱਲੋਂ ਸਰਕਾਰੀ ਕੋਠੀ ਨੂੰ ਖ਼ਾਲੀ ਕਰਵਾਉਣ ਨੂੰ ਲੈ ਕੇ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਇਸ ’ਤੇ ਇਤਰਾਜ਼ ਪ੍ਰਗਟਾਉਂਦਿਆਂ ਬੇਅੰਤ ਸਿੰਘ ਦੇ ਪੁੱਤਰ ਵੱਲੋਂ ਐੱਸਡੀਐੱਮ (ਸੈਂਟਰਲ) ਦੀ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ। ਮਾਮਲੇ ਵਿਚ ਸੁਣਵਾਈ ਤੋਂ ਬਾਅਦ ਐੱਸਡੀਐੱਮ ਸੰਯਮ ਗਰਗ ਨੇ ਮੰਗਲਵਾਰ ਨੂੰ ਸੈਕਟਰ 5 ਦੀ ਸਰਕਾਰੀ ਕੋਠੀ ਨੰਬਰ 03/33 ਨੂੰ ਖ਼ਾਲੀ ਕਰਨ ਲਈ ਤੇਜ ਪ੍ਰਕਾਸ਼ ਸਿੰਘ ਦੇ ਨਾਂ ਨੋਟਿਸ ਜਾਰੀ ਕੀਤਾ। ਐੱਸਡੀਐੱਮ ਦੇ ਆਦੇਸ਼ ’ਤੇ ਪ੍ਰਾਪਰਟੀ ਵਿਭਾਗ ਦੇ ਸਬ ਇੰਸਪੈਕਟਰ ਰਮੇਸ਼ ਕਲਿਆਣ ਨੇ ਮੰਗਲਵਾਰ ਨੂੰ ਵਿਭਾਗ ਦੀ ਟੀਮ ਨਾਲ ਕੋਠੀ ’ਤੇ ਪਹੁੰਚ ਕੇ ਨੋਟਿਸ ਦਿੱਤਾ। ਐੱਸਡੀਐੱਮ ਨੇ ਹਾਊਸ ਅਲਾਟਮੈਂਟ ਕਮੇਟੀ ਦੇ ਸਕੱਤਰ ਅਤੇ ਸਪੈਸ਼ਲ ਸੈਕਟਰੀ ਨੂੰ ਵੀ ਇਸ ਸਰਕਾਰੀ ਕੋਠੀ ਨੂੰ ਖਾਲੀ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ।

ਜ਼ਿਕਰਯੋਗ ਹੈ ਕਿ ਬੇਅੰਤ ਸਿੰਘ ਦੀ ਹੱਤਿਆ ਤੋਂ ਬਾਅਦ ਇਹ ਸਰਕਾਰੀ ਕੋਠੀ ਉਨ੍ਹਾਂ ਦੇ ਪੁੱਤਰ ਤੇਜ ਪ੍ਰਕਾਸ਼ ਸਿੰਘ ਦੇ ਨਾਂ ਅਲਾਟ ਕੀਤੀ ਗਈ ਸੀ ਪਰ ਬਾਅਦ ’ਚ ਯੂਟੀ ਹਾਊਸ ਅਲਾਟਮੈਂਟ ਕਮੇਟੀ ਵੱਲੋਂ ਅਲਾਟਮੈਂਟ ਰੱਦ ਕਰ ਦਿੱਤੀ ਗਈ।

ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੇ ਨਹੀਂ ਵੜਨ ਦਿੱਤਾ ਸਰਕਾਰੀ ਕੋਠੀ ’ਚ

ਜਦੋਂ ਸਬ ਇੰਸਪੈਕਟਰ ਰਮੇਸ਼ ਕਲਿਆਣ ਐੱਸਡੀਐੱਮ ਦੇ ਆਦੇਸ਼ ’ਤੇ ਕੋਠੀ ਨੂੰ ਖਾਲੀ ਕਰਨ ਲਈ ਨੋਟਿਸ ਲੈ ਕੇ ਪਹੁੰਚੇ ਤਾਂ ਉਥੇ ਮੌਜੂਦ ਜ਼ੈੱਡ ਪਲੱਸ ਸਕਿਓਰਿਟੀ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਪ੍ਰਾਪਰਟੀ ਵਿਭਾਗ ਦੇ ਐੱਸਆਈ ਨੂੰ ਕੋਠੀ ਵਿਚ ਵੜਨ ਨਹੀਂ ਦਿੱਤਾ।

Posted By: Jagjit Singh