ਜੈ ਸਿੰਘ ਛਿੱਬਰ, ਚੰਡੀਗੜ੍ਹ : ਹਾਲਾਂਕਿ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਹਾਈ ਕਮਾਨ ਨੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਪਰ ਚੋਣ ਲੜਨ ਦੇ ਇਛੁੱਕ ਉਮੀਦਵਾਰਾਂ ਨੇ ਜੋੜ-ਤੋੜ ਦੀ ਰਾਜਨੀਤੀ ਸ਼ੁਰੂ ਕਰ ਦਿੱਤੀ ਹੈ। ਬੰਗਾ ਵਿਧਾਨ ਸਭਾ ਹਲਕੇ ਤੋਂ ਸੀਨੀਅਰ ਆਈਏਐੱਸ ਅਧਿਕਾਰੀ ਹੁਸਨ ਲਾਲ ਨੁੂੰ ਕਾਂਗਰਸ ਵੱਲੋ ਚੋਣ ਲੜਾਉਣ ਦੇ ਸੰਭਾਵੀ ਫ਼ੈਸਲੇ ਨੂੰ ਲੈ ਕੇ ਸਥਾਨਕ ਕਾਂਗਰਸੀਆਂ ਨੇ ਬਗ਼ਾਵਤ ਸ਼ੁਰੂ ਕਰ ਦਿੱਤੀ ਹੈ। ਭਾਵੇਂ ਕਿ ਹੁਸਨ ਲਾਲ ਚੋਣ ਲੜਨ ਅਤੇ ਕਾਂਗਰਸ ’ਚ ਸ਼ਾਮਲ ਹੋਣ ਦੀਆਂ ਖ਼ਬਰਾਂ ਨੂੰ ਸਿਰੇ ਤੋਂ ਖ਼ਾਰਜ ਕਰਦੇ ਹਨ ਪਰ ਸੱਤਾ ਦੇ ਗਲਿਆਰਿਆ ’ਚ ਚਰਚਾ ਹੈ ਕਿ ਉਹ ਛੇਤੀ ਹੀ ਕਾਂਗਰਸ ’ਚ ਸ਼ਾਮਲ ਹੋਣਗੇ ਅਤੇ ਪਾਰਟੀ ਉਨ੍ਹਾਂ ਨੂੰ ਬੰਗਾ ਤੋਂ ਉਮੀਦਵਾਰ ਵਜੋਂ ਉਤਾਰ ਸਕਦੀ ਹੈ। ਦੋ ਵਾਰ ਵਿਧਾਇਕ ਰਹੇ ਮੋਹਨ ਲਾਲ ਬੰਗਾ ਨੇ ਰਾਜਸੀ ਆਗੂ ਦੀ ਥਾਂ ਅਫਸਰਾਸ਼ਾਹ ਨੂੰ ਟਿਕਟ ਦੇਣ ਦੇ ਰੋਸ ਵਜੋਂ ਅੱਜ ਜੁੱਤੀਆਂ ਨੂੰ ਪਾਲਿਸ਼ ਕਰਕੇ ਆਪਣਾ ਵਿਰੋਧ ਪ੍ਰਗਟ ਕਰਦਿਆਂ ਕਿਹਾ ਕਿ ਹੁਣ ਉਨ੍ਹਾਂ ਕੋਲ ਜੁੱਤੀਆਂ ਨੂੰ ਪਾਲਿਸ਼ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਰਿਹਾ ਹੈ।

ਮੋਹਨ ਲਾਲ ਨੇ ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਦੋ ਵਾਰ ਵਿਧਾਇਕ ਰਹੇ ਹਨ ਅਤੇ ਪਿਛਲੇ ਲੰਬੇ ਸਮੇਂ ਤੋ ਲੋਕਾਂ ਦੀ ਸੇਵਾ ਕਰ ਰਹੇ ਹਨ। ਜੇਕਰ ਰਾਜਸੀ ਆਗੂਆਂ ਦੀ ਥਾਂ ’ਤੇ ਅਫਸਰਾਸ਼ਾਹੀ ਨੂੰ ਹੀ ਟਿਕਟਾਂ ਦੇਣੀਆਂ ਹਨ ਤਾਂ ਉਨ੍ਹਾਂ ਕੋਲ ਪਿਤਾ ਪੁਰਖੀ ਕੰਮ ਤੋਂ ਬਿਨਾਂ ਕੋਈ ਚਾਰਾ ਨਹੀਂ ਰਿਹਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬਾਬੇ -ਪੜਦਾਦੇ ਜੁੱਤੀਆਂ ਪਾਲਿਸ਼ ਕਰਦੇ ਰਹੇ ਹਨ ਇਸ ਕਰਕੇ ਰੋਸ ਵਜੋਂ ਅੱਜ ਉਨ੍ਹਾਂ ਨੇ ਪਾਲਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਦੁਆਬੇ ਨਾਲ ਸਬੰਧਤ ਇਕ ਮੰਤਰੀ ਨੇ ਮੁੱਖ ਮੰਤਰੀ ਦੇ ਸੁਨੇਹੇ ਵਜੋਂ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਮੁੱਖ ਮੰਤਰੀ ਇਸ ਹਲਕੇ ਤੋਂ ਆਈਏਐੱਸ ਅਧਿਕਾਰੀ ਹੁਸਨ ਲਾਲ ਨੂੰ ਟਿਕਟ ਦੇਣਾ ਚਾਹੁੰਦੇ ਹਨ। ਇਸ ਲਈ ਤੁਸੀਂ ਆਪਣਾ ਹੋਰ ਹਲਕਾ ਲੱਭ ਲਵੋ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਈਏਐੱਸ ਹੁਸਨ ਲਾਲ ਨੂੰ ਚੋਣ ਲੜਾਉਣ ਦੀ ਹਰੀ ਝੰਡੀ ਦੇ ਦਿੱਤੀ ਹੈ। ਪਿਛਲੇ ਦਿਨੀਂ ਬੰਗਾ ਵਿਧਾਨ ਸਭਾ ਹਲਕੇ ਦੇ ਮੁੱਖ ਮੰਤਰੀ ਦੇ ਦੌਰੇ ਦੌਰਾਨ ਹੁਸਨ ਲਾਲ ਨੂੰ ਸਟੇਜ ’ਤੇ ਹਲਕੇ ਦੇ ਸੰਭਾਵੀ ਉਮੀਦਵਾਰ ਦੇ ਰੂਪ ’ਚ ਪੇਸ਼ ਕੀਤਾ ਗਿਆ। ਬਕਾਇਦਾ ਹਲਕੇ ਦੇ ਲੋਕਾਂ ਨੂੰ ਆਪਣੇ ਕੰਮਕਾਰ ਕਰਵਾਉਣ ਲਈ ਅਧਿਕਾਰੀ ਨਾਲ ਰਾਬਤਾ ਰੱਖਣ ਲਈ ਕਿਹਾ ਗਿਆ ਹੈ। ਮੋਹਨ ਲਾਲ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਚੌਧਰੀ ਸਰਵਣ ਰਾਮ ਨੇ ਵੀ ਸਿਆਸਤ ’ਚ ਹੁੰਦਿਆਂ ਲੋਕਾਂ ਦੀ ਸੇਵਾ ਕੀਤੀ ਹੈ, ਪਰ ਜਿਸ ਢੰਗ ਨਾਲ ਕਾਂਗਰਸ ਵੱਲੋਂ ਲੋਕ ਨੁਮਾਇੰਦਿਆਂ ਦੀ ਥਾਂ ਅਫਸਰਸ਼ਾਹੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਜਾ ਰਿਹਾ ਹੈ ਇਸ ਨਾਲ ਕਾਂਗਰਸ ਨੂੰ ਨੁਕਸਾਨ ਉਠਾਉਣਾ ਪੈ ਸਕਦਾ ਹੈ। ਦੱਸਿਆ ਜਾਂਦਾ ਹੈ ਕਿ ਪਹਿਲਾਂ ਸਬੰਧਤ ਅਧਿਕਾਰੀ ਨੇ ਟਿਕਟ ਦੇ ਇਕ ਦਾਅਵੇਦਾਰ ਨੂੰ ਉਨ੍ਹਾਂ ਦੀ ਹਰ ਮਦਦ ਕਰਨ ਦਾ ਭਰੋਸਾ ਦਿੰਦੇ ਹੋਏ ਅਗਲੀ ਸਰਕਾਰ ’ਚ ਉਸ ਨੂੰ ਅਡਜੈਸਟ ਕਰਨ ਦੀ ਗੱਲ ਕਹੀ ਸੀ।

ਉਧਰ ਮੋਹਨ ਲਾਲ ਬੰਗਾ ਨੇ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ, ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਤੇ ਹਾਈ ਕਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਪਾਰਟੀ ਨਾਲ ਜੁੜੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸੀ ਆਗੂਆਂ ਦੀ ਥਾਂ ’ਤੇ ਅਫਸਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਿਸ਼ਨ ਕਿ ਜੰਮੂ-ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤਕ ਕਾਂਗਰਸ ਖ਼ਤਮ ਕਰਨੀ ਹੈ, ਉਹ ਪੂਰਾ ਹੋਵੇਗਾ।

ਦੱਸਿਆ ਜਾਂਦਾ ਹੈ ਕਿ ਸਾਬਕਾ ਵਿਧਾਇਕ ਤਰਲੋਚਨ ਸਿੰਘ ਸੂੰਢ, ਮੋਹਨ ਲਾਲ ਬੰਗਾ, ਠੇਕੇਦਾਰ ਰਾਜਿੰਦਰ ਸਿੰਘ, ਮੋਹਨ ਲਾਲ ਸੂਦ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਕੈਂਥ ਦਾ ਬੇਟਾ ਡਾ ਹਰਪ੍ਰੀਤ ਸਿੰਘ ਕੈਂਥ ਬੰਗਾ ਤੋ ਪ੍ਰਮੁੱਖ ਦਾਅਵੇਦਾਰ ਦੱਸੇ ਜਾਂਦੇ ਹਨ।

Posted By: Jatinder Singh