ਸਟੇਟ ਬਿਊਰੋ, ਚੰਡੀਗੜ੍ਹ : ਵਾਰਿਸ ਪੰਜਾਬ ਦੇ ਦੇ ਮੁਖੀਤੇ ਖ਼ਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਦੀ ਤਲਾਸ਼ ਨੌਵੇਂ ਦਿਨ ਵੀ ਜਾਰੀ ਰਹੀ। ਪੁਲਿਸ ਅਧਿਕਾਰੀਆਂ ਮੁਤਾਬਕ ਹੁਣ ਤਕ ਹਿਰਾਸਤ ’ਚ ਲਏ ਗਏ ਲੋਕਾਂ ਤੋਂ ਪੁੱਛਗਿੱਛ ਜਾਰੀ ਹੈ। ਹਿਰਾਸਤ ’ਚ ਲਏ ਲੋਕਾਂ ਦੀਆਂ ਜਾਣਕਾਰੀਆਂ ਦੇ ਆਧਾਰ ’ਤੇ ਅੰਮ੍ਰਿਤਪਾਲ ਦੀ ਮਦਦ ਕਰਨ ਵਾਲਿਆਂ ਨੂੰ ਫੜਨ ਲਈ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਜੰਮੂ ਤੋਂ ਹਿਰਾਸਤ ’ਚ ਲਏ ਗਏ ਪਪਲਪ੍ਰੀਤ ਦੀ ਭੈਣ ਸਰਬਜੀਤ ਕੌਰ ਤੇ ਉਸਦੇ ਪਤੀ ਅਮਰੀਕ ਸਿੰਘ ਤੋਂ ਹੋਈ ਪੁੱਛਗਿੱਛ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਅੰਮ੍ਰਿਤਪਾਲ ਨੇ ਉਨ੍ਹਾਂ ਨੂੰ ਵ੍ਹਟਸਐਪ ’ਤੇ ਕਰੀਬ 20 ਵਾਰ ਕਾਲ ਕੀਤੀ ਸੀ। ਹਾਲਾਂਕਿ ਹਾਲੇ ਪੁਲਿਸ ਅਧਿਕਾਰੀਆਂ ਵੱਲੋਂ ਅਧਿਕਾਰ ਪੁਸ਼ਟੀ ਨਹੀਂ ਕੀਤੀ ਗਈ। ਅਧਿਕਾਰੀਆਂ ਮੁਤਾਬਕ ਅੰਮ੍ਰਿਤਪਾਲ ਦੇ ਸੁਰੱਖਿਆ ਮੁਲਾਜ਼ਮ ਤੇਜਿੰਦਰ ਸਿੰਘ ਉਰਫ਼ ਗੋਰਖਾ ਬਾਬਾ ਦੇ ਮੋਬਾਈਲ ਫੋਨ ’ਚ ਕੁਝ ਵ੍ਹਟਸਐਪ ਗਰੁੱਪ ਮਿਲੇ ਹਨ। ਇਨ੍ਹਾਂ ਗਰੁੱਪਾਂ ’ਚ ਜੋ ਜੋ ਨੰਬਰ ਮਿਲੇ ਹਨ ਉਸਦੇ ਆਧਾਰ ’ਤੇ ਜਾਂਚ ਅੱਗੇ ਵਧ ਰਹੀ ਹੈ। ਜੋ ਵੀ ਨੰਬਰ ਹੈ ਉਨ੍ਹਾਂ ਨੌਜਵਾਨਾਂ ਤੇ ਲੋਕਾਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ। ਜਾਂਚ ’ਚ ਪਤਾ ਲੱਗਾ ਹੈ ਕਿ ਜ਼ਿਆਦਾਤਰ ਵ੍ਹਟਸਐਪ ਕਾਲ ਕੀਤੀ ਗਈ ਹੈ।

ਧਿਆਨ ਰਹੇ ਕਿ ਇਸ ਮਾਮਲੇ ’ਚ ਸ਼ਾਹਬਾਦ ਤੋਂ ਗ੍ਰਿਫ਼ਤਾਰ ਬਲਜੀਤ ਕੌਰ, ਜੰਮੂ ਤੋਂ ਗ੍ਰਿਫ਼ਤਾਰ ਪਪਲਪ੍ਰੀਤ ਦੀ ਭੈਣ ਸਰਬਜੀਤ ਕੌਰ ਤੇ ਉਸਦਾ ਪਤੀ ਅਮਰੀਕ ਸਿੰਘ ਤੇ ਪਟਿਆਲਾ ਤੋਂ ਹਿਰਾਸਤ ’ਚ ਲਈ ਗਈ ਬਲਬੀਰ ਕੌਰ ਤੋਂ ਪੁਲਿਸ ਪੁੱਛਗਿੱਛ ਕਰ ਰਹੀ ਹੈ। ਅੰਮ੍ਰਿਤਪਾਲ ਪਟਿਆਲਾ ਦੀ ਬਲਬੀਰ ਕੌਰ ਦੇ ਸਕੂਟਰ ’ਤੇ ਹੀ ਸ਼ਾਹਬਾਦ ਪੁੱਜਾ ਸੀ। ਬਲਬੀਰ ਕੌਰ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ ਤਾਂ ਜੰਮੂ ਤੋਂ ਸਰਬਜੀਤ ਤੇ ਅਮਰੀਕ ਨੂੰ ਪੰਜਾਬ ਲਿਆ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਕ ਹੋਰ ਮੁਲਜ਼ਮ ਸੁਖਪ੍ਰੀਤ ਸਿੰਘ ਸੁੱਖਾ ਨੂੰ ਵੀ ਪੁਲਿਸ ਚਾਰ ਦਿਨ ਦੇ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕਰ ਰਹੀ ਹੈ।

ਉਕਸ ਸਾਰਿਆਂ ਦੇ ਮੋਬਾਈਲ ਫੋਨ ’ਚੋਂ ਜੋ ਨੰਬਰ ਮਿਲੇ ਹਨ ਉਸਦੇ ਆਧਾਰ ’ਤੇ ਜਾਂਚ ਅੱਗੇ ਵਧਾਈ ਜਾ ਰਹੀ ਹੈ। ਉਹ ਪਪਲਪ੍ਰੀਤ ਦੇ ਪਿੰਡ ਮਰੜੀ ਕਲਾਂ ਦਾ ਰਹਿਣ ਵਾਲਾ ਹੈ। ਅੰਮ੍ਰਿਤਪਾਲ ਤੇ ਪਪਲਪ੍ਰੀਤ ਦੀ ਤਲਾਸ਼ ’ਚ ਉੱਤਰਾਖੰਡ, ਜੰਮੂ ਤੇ ਮੱਧ ਪ੍ਰਦੇਸ਼ ਗਈਆਂ ਟੀਮਾਂ ਹਾਲੇ ਵਾਪਸ ਨਹੀਂ ਪਰਤੀਆਂ ਹਨ। ਆਈਜੀ ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਹਿਰਾਸਤ ’ਚ ਲਏ ਗਏ ਲੋਕਾਂ ਤੋਂ ਪੁੱਛਗਿੱਛ ਜਾਰੀ ਹੈ। ਅੰਮ੍ਰਿਤਪਾਲ ਨੂੰ ਫੜਨ ਲਈ ਪੁਲਿਸ ਦੀਆਂ ਟੀਮਾਂ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰ ਰਹੀਆਂ ਹਨ।

Posted By: Jagjit Singh