ਚੰਡੀਗੜ੍ਹ, ਏਐੱਨਆਈ : ਕੁਰੂਕਸ਼ੇਤਰ ਸਥਿਤ ਘਰ ਦੇ ਸਾਹਮਣੇ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿੱਥੇ ਅੰਮ੍ਰਿਤਪਾਲ 19 ਤਰੀਕ ਦੀ ਰਾਤ ਠਹਿਰਿਆ ਸੀ। ਪੰਜਾਬ ਦੇ ਆਈਜੀਪੀ ਸੁਖਚੈਨ ਸਿੰਘ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ 19 ਤਰੀਕ ਦੀ ਰਾਤ ਨੂੰ ਇੱਥੇ ਰਿਹਾ ਅਤੇ ਅਗਲੇ ਦਿਨ ਚਲਾ ਗਿਆ।

ਅੰਮ੍ਰਿਤਪਾਲ ਤਿੰਨ ਦਿਨ ਕੁਰੂਕਸ਼ੇਤਰ ਦੇ ਲਾਡਵਾ ਵਿਖੇ ਰਿਹਾ

ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਫਰਾਰ ਹੋਣ ਤੋਂ ਬਾਅਦ 19 ਮਾਰਚ ਨੂੰ ਕੁਰੂਕਸ਼ੇਤਰ ਦੇ ਸ਼ਾਹਾਬਾਦ ਕਸਬੇ ਦੀ ਸਿਧਾਰਥ ਕਾਲੋਨੀ ਵਿੱਚ ਠਹਿਰਿਆ ਸੀ। ਉਹ 22 ਮਾਰਚ ਦੀ ਰਾਤ ਨੂੰ ਹੀ ਇੱਥੋਂ ਰਵਾਨਾ ਹੋਇਆ ਸੀ। ਸੂਚਨਾ ਮਿਲਦੇ ਹੀ STF ਨੇ ਸਿਧਾਰਥ ਕਾਲੋਨੀ 'ਚ ਉਸ ਦੇ ਘਰ 'ਤੇ ਛਾਪਾ ਮਾਰਿਆ। ਹਾਲਾਂਕਿ STF ਉਸ ਨੂੰ ਨਹੀਂ ਲੱਭ ਸਕੀ। ਇਹ ਘਰ ਲਾਡਵਾ ਐੱਸਡੀਐੱਮ ਦਫ਼ਤਰ ਵਿੱਚ ਕਲਰਕ ਵਜੋਂ ਕੰਮ ਕਰਦੇ ਹਰਜਿੰਦਰ ਦਾ ਹੈ। ਹਰਜਿੰਦਰ ਨੇ ਬੁੱਧਵਾਰ ਨੂੰ ਹੀ STF ਅੱਗੇ ਆਤਮ ਸਮਰਪਣ ਕਰ ਦਿੱਤਾ ਸੀ। ਇਸ ਤੋਂ ਬਾਅਦ ਐੱਸਟੀਐੱਫ ਨੇ ਹਰਜਿੰਦਰ ਦੀ ਭੈਣ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ।

ਜਦੋਂ ਐੱਸਟੀਐੱਫ ਨੇ ਘਰ ’ਤੇ ਛਾਪਾ ਮਾਰਿਆ ਤਾਂ ਹਰਜਿੰਦਰ ਦੀ ਭੈਣ ਬਲਜੀਤ ਕੌਰ ਅਤੇ ਪਿਤਾ ਗੁਰਨਾਮ ਸਿੰਘ ਉਥੇ ਹੀ ਮਿਲੇ। ਸੂਤਰਾਂ ਦੀ ਮੰਨੀਏ ਤਾਂ ਬਲਜੀਤ ਕੌਰ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਅੰਮ੍ਰਿਤਪਾਲ ਉਤਰਾਖੰਡ ਲਈ ਰਵਾਨਾ ਹੋ ਗਿਆ ਹੈ। ਪੰਜਾਬ ਐੱਸਟੀਐੱਫ ਤਿੰਨਾਂ ਨੂੰ ਆਪਣੇ ਨਾਲ ਪੰਜਾਬ ਲੈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬਲਜੀਤ ਕੌਰ ਪਹਿਲਾਂ ਤੋਂ ਹੀ ਅੰਮ੍ਰਿਤਪਾਲ ਦੇ ਸੰਪਰਕ ਵਿੱਚ ਸੀ। ਹਰਜਿੰਦਰ ਦੇ ਘਰ ਜਿੱਥੇ ਅੰਮ੍ਰਿਤਪਾਲ ਠਹਿਰਿਆ ਸੀ, ਉੱਥੇ ਕੰਮ ਅਜੇ ਵੀ ਚੱਲ ਰਿਹਾ ਹੈ।

ਅਜਨਾਲਾ ਥਾਣੇ 'ਤੇ ਕੀਤਾ ਸੀ ਕਬਜ਼ਾ

ਜ਼ਿਕਰਯੋਗ ਹੈ ਕਿ ਅਜਨਾਲਾ ਥਾਣੇ 'ਤੇ ਹੋਏ ਹਮਲੇ ਤੋਂ ਬਾਅਦ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ। ਦਰਅਸਲ, 23 ਫਰਵਰੀ 2023 ਨੂੰ ਖਾਲਿਸਤਾਨ ਪੱਖੀ ਸੰਗਠਨ 'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਦੀ ਅਗਵਾਈ 'ਚ ਉਨ੍ਹਾਂ ਦੇ ਹਜ਼ਾਰਾਂ ਸਮਰਥਕਾਂ ਨੇ ਅੰਮ੍ਰਿਤਸਰ ਦੇ ਅਜਨਾਲਾ ਥਾਣੇ 'ਤੇ ਕਬਜ਼ਾ ਕਰ ਲਿਆ ਸੀ। ਉਨ੍ਹਾਂ ਦੇ ਹੱਥਾਂ ਵਿੱਚ ਬੰਦੂਕਾਂ ਅਤੇ ਤਲਵਾਰਾਂ ਸਨ। ਇਹ ਲੋਕ ਅੰਮ੍ਰਿਤਪਾਲ ਦੇ ਕਰੀਬੀ ਲਵਪ੍ਰੀਤ ਸਿੰਘ ਤੂਫਾਨ ਦੀ ਗ੍ਰਿਫ਼ਤਾਰੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਸਨ।

ਹਮਲੇ ਦੇ ਦਬਾਅ ਹੇਠ ਆਈ ਪੰਜਾਬ ਪੁਲਿਸ ਨੂੰ ਲਵਪ੍ਰੀਤ ਸਿੰਘ ਤੂਫਾਨ ਦੀ ਰਿਹਾਈ ਦਾ ਐਲਾਨ ਕਰਨਾ ਪਿਆ। ਇਸ ਹਮਲੇ ਵਿੱਚ ਪੰਜਾਬ ਪੁਲਿਸ ਦੇ ਕਈ ਜਵਾਨ ਵੀ ਜ਼ਖਮੀ ਹੋਏ ਹਨ। ਅੰਮ੍ਰਿਤਪਾਲ ਤੇ ਉਸ ਦੇ ਸਮਰਥਕਾਂ ਨੇ ਥਾਣੇ ਅੰਦਰ ਵੜ ਕੇ ਪ੍ਰਸ਼ਾਸਨ ਨੂੰ ਲਲਕਾਰਿਆ।

ਇਸ ਸਬੰਧ ਵਿਚ ਖ਼ਾਲਿਸਤਾਨ ਸਮਰਥਕ ਅਤੇ ਭਗੌੜੇ ਅੰਮ੍ਰਿਤਪਾਲ ਸਿੰਘ ਦੇ 11 ਸਾਥੀਆਂ ਨੂੰ ਵੀਰਵਾਰ ਦੁਪਹਿਰ ਨੂੰ ਸਖ਼ਤ ਸੁਰੱਖਿਆ ਵਿਚਕਾਰ ਬਾਬਾ ਬਕਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਸਾਰੇ 11 ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਅੰਮ੍ਰਿਤਪਾਲ ਸਿੰਘ ਨਾਲ ਸਬੰਧਤ ਇੱਕ ਮਾਮਲੇ ਵਿੱਚ ਅੰਮ੍ਰਿਤਸਰ ਦੀ ਬਾਬਾ ਬਕਾਲਾ ਅਦਾਲਤ ਨੇ 11 ਮੁਲਜ਼ਮਾਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ 11 ਸਾਥੀਆਂ ਨੂੰ ਨਾਜਾਇਜ਼ ਹਥਿਆਰ ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ।

Posted By: Jagjit Singh