ਜੇਐੱਨਐੱਨ, ਚੰਡੀਗੜ੍ਹ

ਕੋਰੋਨਾ ਵਾਇਰਸ ਕਾਰਨ ਵਿੱਦਿਅਕ ਅਦਾਰੇ ਲੰਘੇ 4 ਮਹੀਨਿਆਂ ਤੋਂ ਬੰਦ ਪਏ ਹਨ। ਅਜਿਹੇ ਵਿਚ ਆਨਲਾਈਨ ਪੜ੍ਹਾਈ ਰਾਹੀਂ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ਵਿਚ ਸਿਲੇਬਸ ਘੱਟ ਕਰਨ ਬਾਰੇ ਸੋਚ ਰਿਹਾ ਹੈ। ਸੂਤਰਾਂ ਮੁਤਾਬਕ ਹਾਲਾਤ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਆਉਣ ਵਾਲੇ ਸਮੇਂ ਵਿਚ ਮੀਟਿੰਗਾਂ ਕਰੇਗਾ, ਜਿਸ ਵਿਚ ਸਿਲੇਬਸ ਘੱਟ ਕਰਨ ਦਾ ਫ਼ੈਸਲਾ ਹੋ ਸਕਦਾ ਹੈ। ਇਸ ਤੋਂ ਇਲਾਵਾ ਸਾਰੇ ਸਕੂਲਾਂ ਨੂੰ ਆਨਲਾਈਨ ਪੜ੍ਹਾਈ ਵੱਧ ਕਰਾਉਣ ਦਾ ਹੁਕਮ ਕੀਤਾ ਜਾਵੇਗਾ। ਕੋਰੋਨਾ ਵਾਇਰਸ ਕਾਰਨ ਸ਼ਹਿਰ ਦੇ ਸਰਕਾਰੀ ਸਕੂਲਾਂ ਨੂੰ ਅਗਲੇ ਹੁਕਮਾਂ ਤਕ ਬੰਦ ਕੀਤਾ ਗਿਆ ਹੈ। ਅਜਿਹੇ ਵਿਚ ਵਿਦਿਆਰਥੀਆਂ ਦਾ ਸਿਲੇਬਸ ਪੂਰਾ ਕਰਨ ਲਈ ਆਨਲਾਈਨ ਸਟੱਡੀ ਹੀ ਇੱਕੋ ਇਕ ਜ਼ਰੀਆ ਹੈ।

ਅੰਦਰੂਨੀ ਪ੍ਰਰੀਖਿਆ 'ਚ ਹੋਵੇਗਾ ਫੇਰਬਦਲ

ਸੂਤਰਾਂ ਮੁਤਾਬਕ ਮੀਟਿੰਗ ਵਿਚ ਅਦਾਰੇ ਵੱਲੋਂ ਜਾਂਦੇ ਇਮਤਿਹਾਨਾਂ (ਅੰਦਰੂਨੀ ਪ੍ਰਰੀਖਿਆਵਾਂ) ਦੇ ਨੰਬਰ ਘੱਟ ਕਰਨ ਤੇ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਗ੍ਰੇਸ ਮਾਰਕਸ ਵਿਚ ਬਦਲਾਅ ਹੋਣਾ ਸੰਭਵ ਹੈ।

5 ਤੋਂ 6 ਘੰਟੇ ਚੱਲ ਰਹੀ ਹੈ ਆਨਲਾਈਨ ਪੜ੍ਹਾਈ

ਇਸ ਸਮੇਂ ਸ਼ਹਿਰ ਦੇ ਸਰਕਾਰੀ ਸਕੂਲਾਂ ਵਿਚ 5 ਤੋਂ 6 ਘੰਟੇ ਆਨਲਾਈਨ ਪੜ੍ਹਾਈ ਕਰਾਈ ਜਾ ਰਹੀ ਹੈ। ਇਸ ਦੌਰਾਨ ਵਿਦਿਆਰਥੀਆਂ ਦੇ ਟੈਸਟ ਵੀ ਆਨਲਾਈਨ ਲਏ ਜਾ ਰਹੇ ਹਨ। ਆਨਲਾਈਨ ਪੜ੍ਹਾਈ ਲਈ ਕੰਟੈਟ ਦੀ ਮਾਨੀਟਰਿੰਗ ਜ਼ਿਲ੍ਹਾ ਸਿੱਖਿਆ ਅਫਸਰ ਆਪਣੇ ਤੌਰ 'ਤੇ ਕਰ ਰਹੇ ਹਨ।

ਤਿਆਰ ਹੋ ਰਹੀ ਹੈ ਸੂਚੀ

ਸਿੱਖਿਆ ਵਿਭਾਗ ਨੇ ਆਨਲਾਈਨ ਪੜ੍ਹਾਈ ਵਿਚ ਪਰੇਸ਼ਾਨੀ ਦੂਰ ਕਰਨ ਲਈ ਵਿਦਿਆਰਥੀਆਂ ਦੀ ਸੂਚੀ ਬਣਾਉਣੀ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਸਕੂਲਾਂ ਵਿਚ ਗ਼ਰੀਬੀ ਰੇਖਾ ਤੋਂ ਹੇਠਲੇ ਵਰਗਾਂ ਨਾਲ ਸਬੰਧਤ ਵਿਦਿਆਰਥੀਆਂ ਦਾ ਇੰਟਰਨੈੱਟ ਡਾਟਾ ਰੀਚਾਰਜ ਕਰਾਉਣ ਦਾ ਫ਼ੈਸਲਾ ਲਿਆ ਹੈ। ਹਾਲਾਂਕਿ ਜੀਐੱਮਐੱਚਐੱਸ-22 ਦੀ ਪਿ੍ਰੰਸੀਪਲ ਸੁਨੀਤਾ ਕਪੂਰ ਪਹਿਲਾਂ ਹੀ ਵਿਦਿਆਰਥੀਆਂ ਦਾ ਡਾਟਾ ਰੀਚਾਰਜ ਕਰਾ ਚੁੱਕੇ ਹਨ।