ਜੇਐੱਨਐੱਨ, ਚੰਡੀਗੜ੍ਹ : ਆਮ ਆਦਮੀ ਦੀ ਥਾਲੀ 'ਤੇ ਇਕ ਵਾਰ ਫਿਰ ਮਹਿੰਗਾਈ ਦੀ ਮਾਰ ਪਈ ਹੈ। ਪਿਆਜ਼ਾਂ ਤੇ ਮਟਰ ਦੀਆਂ ਕੀਮਤਾਂ 'ਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਸੈਕਟਰ-26 ਮੰਡੀ 'ਚ ਅੱਜਕਲ੍ਹ ਪਿਆਜ਼ਾਂ ਤੇ ਮਟਰ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਮੰਡੀ 'ਚ ਪਿਆਜ਼ 80 ਰੁਪਏ ਕਿੱਲੋ ਤੇ ਮਟਰ 90-100 ਰੁਪਏ ਕਿੱਲੋ ਵਿਕ ਰਿਹਾ ਹੈ। ਸੈਕਟਰ-26 ਸਬਜ਼ੀ ਮੰਡੀ ਵਿਕਰੇਤਾ ਬਿੱਟੂ ਨੇ ਦੱਸਿਆ ਕਿ ਨਾਸਿਕ ਤੋਂ ਮੰਡੀ 'ਚ ਪਿਆਜ਼ ਆਉਂਦਾ ਹੈ। ਸਬਜ਼ੀ ਵਿਕਰੇਤਾਵਾਂ ਨੇ ਦੱਸਿਆ ਕਿ ਪਿੱਛਿਓਂ ਪਿਆਜ਼ ਦੀ ਸਪਲਾਈ ਘੱਟ ਆ ਰਹੀ ਹੈ ਜਿਸ ਕਾਰਨ ਮੰਡੀ 'ਚ ਪਿਆਜ਼ ਦੀਆਂ ਕੀਮਤਾਂ 'ਚ ਇਕ ਵਾਰ ਮੁੜ ਉਛਾਲ ਦੇਖਣ ਨੂੰ ਮਿਲਿਆ ਹੈ।

ਫ਼ਿਲਹਾਲ ਰਾਹਤ ਦੀ ਉਮੀਦ ਨਹੀਂ

ਸਬਜ਼ੀ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਪਿੱਛਿਓਂ ਪਿਆਜ਼ ਦੀ ਸਪਲਾਈ ਘੱਟ ਆ ਰਹੀ ਹੈ। ਅਜਿਹੇ ਵਿਚ ਅਗਲੇ 15 ਦਿਨਾਂ ਤਕ ਪਿਆਜ਼ ਦੀਆਂ ਕੀਮਤਾਂ ਘਟਣ ਦੀ ਕੋਈ ਉਮੀਦ ਨਹੀਂ ਹੈ। ਮੰਡੀ 'ਚ ਫ਼ਿਲਹਾਲ ਨਾਸਿਕ ਵਾਲਾ ਪਿਆਜ਼ ਹੀ ਵਿਕ ਰਿਹਾ ਹੈ। ਅਮੂਮਨ ਇਨ੍ਹਾਂ ਦਿਨਾਂ 'ਚ ਪਾਕਿਸਤਾਨ ਦਾ ਪਿਆਜ਼ ਮੰਡੀਆਂ 'ਚ ਪਹੁੰਚ ਜਾਂਦਾ ਸੀ ਪਰ ਹੁਣ ਪਾਕਿਸਤਾਨ ਤੋਂ ਪਿਆਜ਼ ਦੀ ਖੇਪ ਪਹੁੰਚ ਨਹੀਂ ਰਹੀ ਤੇ ਮੰਡੀਆਂ 'ਚ ਨਾਸਿਕ ਤੋਂ ਲੋੜੀਂਦੇ ਪਿਆਜ਼ ਦਾ ਸਟਾਕ ਨਹੀਂ ਆ ਰਿਹਾ ਹੈ।

ਪ੍ਰਸ਼ਾਸਨ ਸਟਾਲ ਵਧਾਉਣ ਦੀ ਪਲਾਨਿੰਗ 'ਚ

ਪ੍ਰਸ਼ਾਸਨ ਨੇ ਬੀਤੇ ਦਿਨੀਂ ਪਿਆਜ਼ ਦੀਆਂ ਕੀਮਤਾਂ ਇਕਦਮ ਵਧਣ ਤੋਂ ਬਾਅਦ ਸ਼ਹਿਰ 'ਚ ਵੱਖ-ਵੱਖ ਪੰਜ ਥਾਵਾਂ 'ਤੇ ਸਟਾਲ ਲਗਾਏ ਸਨ। ਪ੍ਰਸ਼ਾਸਨ ਮੁੜ ਸ਼ਹਿਰ 'ਚ ਪਿਆਜ਼ਾਂ ਦੇ ਸਟਾਲ ਵਧਾਉਣ ਦੀ ਪਲਾਨਿੰਗ ਕਰ ਰਿਹਾ ਹੈ। ਪ੍ਰਸ਼ਾਸਨ ਵੱਲੋਂ ਬੀਤੇ ਦਿਨੀਂ 40 ਤੋਂ 45 ਰੁਪਏ ਕਿੱਲੋ ਲੋਕਾਂ ਨੂੰ ਪਿਆਜ਼ ਦਿੱਤਾ ਸੀ। ਹਰੇਕ ਵਿਅਕਤੀ ਨੂੰ ਆਧਾਰ ਕਾਰਡ ਦਿਖਾ ਕੇ ਇਕ ਹਫ਼ਤੇ ਲਈ ਪ੍ਰਸ਼ਾਸਨ ਵੱਲੋਂ ਦੋ ਕਿੱਲੋ ਪਿਆਜ਼ ਦਿੱਤਾ ਗਿਆ ਸੀ। ਸੈਕਟਰ-26 ਮੰਡੀ 'ਚ ਸਬਜ਼ੀਆਂ ਦੇ ਇਹ ਭਾਅ ਸਬਜ਼ੀ ਰੇਟ ਪ੍ਰਤੀ ਕਿੱਲੋ (ਰੁਪਏ 'ਚ) ਪਿਆਜ਼-80, ਆਲੂ-25, ਟਮਾਟਰ-35, ਮਟਰ-90 ਤੋਂ 100, ਗੋਭੀ-20 ਤੋਂ 25, ਸ਼ਿਮਲਾ-40, ਮਿਰਚ-45, ਖੀਰਾ- 35, ਅਦਰਕ- 90 ਤੋਂ 100, ਲਸਣ-200 ਰੁਪਏ।

Posted By: Seema Anand