ਜੇਐੱਨਐੱਨ, ਪੰਚਕੂਲਾ : ਕ੍ਰਾਈਮ ਬ੍ਾਂਚ ਸੈਕਟਰ-26 'ਚ ਪੈਸਿਆਂ ਦੇ ਲੈਣ-ਦੇਣ ਕਾਰਨ ਹੱਤਿਆ ਦੇ ਮਾਮਲੇ 'ਚ ਇਕ ਹੋਰ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਹੈ। ਮੁਲਜ਼ਮ ਲੱਕੀ ਕੁਮਾਰ ਵਾਸੀ ਕੱਚਾ ਬੇਰੀ ਰੋਡ ਰੋਹਤਕ ਦਾ ਵਾਸੀ ਹੈ। ਇਸ ਮੁਲਜ਼ਮ 'ਤੇ ਜੁਲਾਈ ਮਹੀਨੇ 'ਚ ਦਿੱਲੀ ਦੇ ਕੰਝਾਵਾਲਾ 'ਚ ਵੀ ਕੇਸ ਦਰਜ ਹੈ। ਹੁਣ ਪੰਚਕੂਲਾ ਪੁਲਿਸ ਨੇ ਇਸ ਨੂੰ ਤਿੰਨ ਦਿਨ ਦੇ ਰਿਮਾਂਡ 'ਤੇ ਲਿਆ ਹੈ ਤੇ ਇਸ ਨਾਲ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ 11 ਜੂਨ ਦੀ ਸਵੇਰ ਪੰਚਕੂਲਾ ਪੁਲਿਸ ਨੂੰ ਐੱਨਐੱਚ-7 'ਤੇ ਈਕੋ ਸਿਟੀ ਦੇ ਕੋਲ ਅਬੋਹਰ ਦੇ ਵਪਾਰੀ ਦੀ ਲਾਸ਼ ਮਿਲੀ ਸੀ, ਜਿਸ ਮਗਰੋਂ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪਹਿਲੇ ਚਾਰ ਦਿਨਾ ਤਕ ਵਪਾਰੀ ਸੋਨੂੰ ਸੇਠੀ ਦੀ ਸ਼ਨਾਖ਼ਤ ਨਹੀਂ ਹੋ ਸਕੀ ਸੀ। ਪਰ ਹੁਣ ਕ੍ਰਾਈਮ ਬ੍ਾਂਚ ਸੈਕਟਰ-26 ਦੀ ਟੀਮ ਨੇ ਸੋਨੂੰ ਸੇਠੀ ਕਤਲ ਕੇਸ 'ਚ ਪਹਿਲਾਂ ਰੋਹਤਕ ਵਾਸੀ ਬੀਜ ਵਪਾਰੀ ਤਰੁਣ ਕੁਮਾਰ ਨੂੰ ਗਿ੍ਫ਼ਤਾਰ ਕੀਤਾ ਸੀ। ਤਰੁਣ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਚੱਲਦੀ ਗੱਡੀ 'ਚ ਸੋਨੂੰ ਸੇਠੀ ਦੀ ਹੱਤਿਆ ਕੀਤੀ ਸੀ। ਅਸਲ 'ਚ ਤਰੁਣ ਕੁਮਾਰ ਦਾ ਰੋਹਤਕ 'ਚ ਬੀਜ ਦਾ ਕਾਰੋਬਾਰ ਹੈ। ਉਸ ਕੋਲੋ ਹਰਿਆਣਾ ਤੇ ਪੰਜਾਬ ਦੇ ਕਈ ਜ਼ਿਲਿ੍ਹਆਂ 'ਚ ਬੀਜ, ਫ਼ਸਲਾਂ ਦੀਆਂ ਦਵਾਈਆਂ ਤੇ ਖਾਦ ਦੀ ਸਪਲਾਈ ਹੁੰਦੀ ਹੈ। ਉਸ ਕੋਲੋਂ ਹੀ ਅਬੋਹਰ ਵਾਸੀ ਸੋਨੂੰ ਸੇਠੀ ਨੂੰ ਸਾਮਾਨ ਜਾਂਦਾ ਸੀ। ਪਿਛਲੇ ਕਈ ਸਾਲ ਤੋਂ ਉਹ ਇਕੱਠੇ ਮਿਲ ਕੇ ਵਪਾਰ ਕਰ ਰਹੇ ਸਨ। ਉਥੇ, ਅਬੋਹਰ 'ਚ ਸੋਨੂੰ ਸੇਠੀ ਦਾ ਵੀ ਬਿਜਨਸ ਸੀ। ਦੋਵਾਂ ਵਿਚਾਲੇ ਕਈ ਮਹੀਨਿਆਂ ਤੋਂ ਰੁਪਇਆਂ ਦੇ ਲੈਣ-ਦੇਣ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ, ਜਿਸ ਕਾਰਨ ਦੋਵੇਂ ਇਕ-ਦੂਜੇ 'ਤੇ ਕਈ ਵਾਰ ਦੋਸ਼ ਲਗਾ ਚੁੱਕੇ ਸਨ। ਸੋਨੂੰ ਦਾ ਦੋਸ਼ ਸੀ ਕਿ ਤਰੁਣ ਨੇ ਉਸ ਦੇ ਰੁਪਏ ਦੇਣੇ ਹਨ, ਜਦਕਿ ਤਰੁਣ ਖ਼ੁਦ ਸੋਨੂੰ ਵੱਲ ਹੀ ਪੈਂਡਿੰਗ ਅਮਾਊਂਟ ਦੀ ਗੱਲ ਕਰਦਾ ਸੀ। ਅਜਿਹੇ 'ਚ ਕਈ ਵਾਰ ਦੋਵਾਂ ਦੀ ਵਕੀਲਾਂ ਕੋਲ, ਪੰਚਾਇਤਾਂ 'ਚ ਮੀਟਿੰਗ ਵੀ ਹੋਈ। ਪਰ ਇਹ ਮੀਟਿੰਗ ਹਰ ਵਾਰ ਬਿਨਾਂ ਕਿਸੇ ਨਤੀਜੇ ਦੇ ਹੀ ਖ਼ਤਮ ਹੋ ਜਾਂਦੀ ਸੀ। ਪੈਸਿਆਂ ਦੀ ਗੱਲ ਨੂੰ ਸੈਟਲ ਕਰਨ ਲਈ ਤਰੁਣ ਨੇ ਸੋਨੂੰ ਨੂੰ ਕਾਲ ਕਰ ਕੇ ਨਾਲ ਆਉਣ ਲਈ ਕਿਹਾ ਸੀ। ਜਿਸ ਮਗਰੋਂ ਉਹ ਇੱਥੇ ਚੰਡੀਗੜ੍ਹ ਆਏ। ਚੰਡੀਗੜ੍ਹ ਸਥਿਤ ਲਾਅ ਭਵਨ ਤੋਂ ਇਕ ਹੀ ਗੱਡੀ 'ਚ ਸੋਨੂੰ ਸੇਠੀ, ਤਰੁਣ ਤੇ ਉਸ ਦੇ ਦੋਵੇਂ ਦੋਸਤ ਇਕੱਠੇ ਬਲਟਾਨਾ ਵੱਲ ਆਏ ਸਨ। ਜਿੱਥੇ ਰਾਤ ਸਮੇਂ ਤਿੰਨਾਂ ਨੇ ਮਿਲ ਕੇ ਸੋਨੂੰ ਸੇਠੀ ਦਾ ਕਤਲ ਕਰ ਦਿੱਤਾ ਸੀ। ਸੋਨੂੰ ਆਪਣੇ ਨਾਲ ਇਕ ਪਰਨਾ ਲੈ ਕੇ ਆਇਆ ਸੀ, ਤਾਂਕਿ ਉਹ ਕੋਰੋਨਾ ਕਾਰਨ ਮੂੰਹ ਨੂੰ ਢੱਕ ਸਕੇ। ਉਸੇ ਪਰਨੇ ਨਾਲ ਸੋਨੂੰ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਜਿਸ ਮਗਰੋਂ ਇਨ੍ਹਾਂ ਨੂੰ ਉਸ ਦੀ ਲਾਸ਼ ਸੁੱਟਣ ਲਈ ਕੋਈ ਸਹੀ ਥਾਂ ਨਹੀਂ ਮਿਲੀ। ਜਿਸ ਕਾਰਨ ਤਿੰਨੇ ਉਸ ਨੂੰ ਪੰਚਕੂਲਾ ਵੱਲ ਲੈ ਆਏ। ਜਦੋਂ ਉਹ ਸੁੰਨਸਾਨ ਥਾਂ ਲੱਭ ਰਹੇ ਸਨ, ਤਾਂ ਪੰਚਕੂਲਾ-ਯਮੁਨਾਨਗਰ ਹਾਈਵੇ 'ਤੇ ਈਕੋ ਸਿਟੀ ਨੇੜੇ ਇਕ ਕੱਚਾ ਰਸਤਾ ਮਿਲਿਆ, ਜਿੱਥੇ ਉਨ੍ਹਾਂ ਸੋਨੂੰ ਦੀ ਲਾਸ਼ ਨੂੰ ਸੁੱਟ ਦਿੱਤਾ ਸੀ, ਇਸ ਮਗਰੋਂ ਤਿੰਨੇ ਮੌਕੇ ਤੋਂ ਫ਼ਰਾਰ ਹੋ ਗਏ ਸਨ।