* ਬਿਨਾ ਪੋਸਟਮਾਰਟਮ ਦੇ ਲਾਸ਼ ਵਾਰਸਾਂ ਹਵਾਲੇ

17ਸੀਐਚਡੀ925ਪੀ

ਮਿ੍ਤਕ ਤੇਜਲ ਦੀ ਫਾਈਲ ਫੋਟੋ।

ਸੁਰਜੀਤ ਸਿੰਘ ਕੋਹਾੜ, ਲਾਲੜੂ

ਨੇੜਲੇ ਪਿੰਡ ਮਲਕਪੁਰ ਵਿਖੇ ਪੰਜਾਬ ਇੰਜੀਨੀਅਰਿੰਗ ਕੈਂਪਸ 'ਚ ਸਥਿਤ ਇਕ ਸਕੂਲ 'ਚ ਪੌੜੀਆਂ ਤੋਂ ਡਿੱਗਣ ਨਾਲ ਦੋ ਸਾਲਾ ਇਕ ਬੱਚੀ ਦੀ ਮੌਤ ਹੋ ਗਈ ਹੈ। ਉਸ ਦੇ ਸਿਰ 'ਤੇ ਲੱਗੀ ਗਹਿਰੀ ਸੱਟ ਨੇ ਉਸ ਦੀ ਜਾਨ ਲੈ ਲਈ। ਇਹ ਬੱਚੀ ਸਕੂਲ ਪਿ੍ਰੰਸੀਪਲ ਦੀ ਸੀ, ਜਿਸ ਦੀ ਸਕੂਲ 'ਚ ਦੇਖਭਾਲ ਲਈ ਇਕ ਕਰੈਚ ਸੇਵਿਕਾ ਤੈਨਾਤ ਸੀ। ਲਾਲੜੂ ਪੁਲਿਸ ਨੇ ਬਿਨਾਂ ਪੋਸਟਮਾਰਟਮ ਦੇ ਸੀਆਈਪੀਸੀ 174 ਦੇ ਤਹਿਤ ਕਾਰਵਾਈ ਅਮਲ ਵਿਚ ਲਿਆਂਦੀ। ਜਾਣਕਾਰੀ ਅਨੁਸਾਰ ਕਾਲਜ ਕੈਂਪਸ 'ਚ ਚੰਡੀਗੜ੍ਹ ਇੰਟਰਨੈਸ਼ਨਲ ਸਕੂਲ 'ਚ ਬਬੀਤਾ ਚੌਹਾਨ ਪਤਨੀ ਵਿਨੋਦ ਕੁਮਾਰ ਚੌਹਾਨ ਵਾਸੀ ਰਾਏਵਾਲੀ ਬਤੌਰ ਪਿ੍ਰੰਸੀਪਲ ਤੈਨਾਤ ਹੈ। ਪਰਿਵਾਰ 'ਚ ਅੱਠ ਸਾਲ ਦਾ ਇਕ ਪੁੱਤਰ ਹੈ, ਜਦਕਿ ਦੋ ਸਾਲਾ ਧੀ ਤੇਜਲ ਚੌਹਾਨ ਨੂੰ ਮਾਂ ਆਪਣੇ ਨਾਲ ਡਿਊਟੀ ਦੌਰਾਨ ਸਕੂਲ ਲੈ ਆਉਂਦੀ ਸੀ। ਜਾਂਚ ਅਧਿਕਾਰੀ ਏਐੱਸਆਈ ਸੁਲੱਖਣ ਸਿੰਘ ਅਨੁਸਾਰ ਬੱਚੀ ਦੀ ਦੇਖਭਾਲ ਲਈ ਕਰੈਚ ਦੀ ਇਕ ਸੇਵਿਕਾ ਨੂੰ ਮਿਹਨਤਾਨਾ ਦਿੱਤਾ ਜਾਂਦਾ ਸੀ। ਸੁਲੱਖਣ ਸਿੰਘ ਨੇ ਦੱਸਿਆ ਕਿ ਦੁਪਹਿਰ ਵੇਲੇ ਤੇਜਲ ਖ਼ੁਦ ਹੀ ਪੌੜੀਆਂ ਤਕ ਪੁੱਜ ਗਈ, ਉਥੋਂ ਡਿੱਗਣ 'ਤੇ ਉਸ ਦੇ ਸਿਰ 'ਚ ਗਹਿਰੀ ਸੱਟ ਲੱਗੀ, ਉਸ ਨੂੰ ਤੁਰੰਤ ਸਿਵਲ ਹਸਪਤਾਲ ਡੇਰਾਬੱਸੀ ਪਹੁੰਚਾਇਆ ਗਿਆ, ਜਿਥੇ ਕੁਝ ਦੇਰ ਬਾਅਦ ਉਸ ਨੇ ਦਮ ਤੋੜ ਦਿੱਤਾ। ਹਸਪਤਾਲ ਵੱਲੋਂ ਸੂਚਨਾ ਦੇਰ ਨਾਲ ਦਿੱਤੇ ਜਾਣ 'ਤੇ ਪੁਲਿਸ ਕਾਰਵਾਈ 'ਚ ਸਮਾਂ ਲੱਗ ਗਿਆ। ਪਿਤਾ ਵਿਨੋਦ ਕੁਮਾਰ ਪੁੱਤਰ ਮਦਨ ਲਾਲ ਵੱਲੋਂ ਪੋਸਟਮਾਰਟਮ ਨਾ ਕਰਵਾਉਣ ਦੀ ਇਜ਼ਾਜਤ ਮਿਲਣ 'ਤੇ ਉਸ ਦੇ ਬਿਆਨ 'ਤੇ ਪੁਲਿਸ ਨੇ ਸੀਆਰਪੀਸੀ 174 ਤਹਿਤ ਕਾਰਵਾਈ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ।