ਸੁਰਜੀਤ ਸਿੰਘ ਕੋਹਾੜ, ਲਾਲੜੂ : ਨੇੜਲੇ ਪਿੰਡ ਰਾਮਗੜ੍ਹ ਰੁੜਕੀ ਵਿਖੇ ਸਰਕਾਰੀ ਟਿਊਬਵੈੱਲ ਲਾਉਣ ਵਾਲੀ ਬੋਰ ਕਰਨ ਵਾਲੀ ਮਸ਼ੀਨ 'ਤੇ ਕੰਮ ਕਰਨ ਵਾਲੇ ਇਕ 43 ਸਾਲਾ ਮੁਲਾਜ਼ਮ ਦੀ ਮਸ਼ੀਨ 'ਚ ਲੋਈ ਫਸ ਜਾਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਮਸ਼ੀਨ ਦੇ ਮਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਲਾਲੜੂ ਦੇ ਏਐੱਸਆਈ ਮੇਜਰ ਸਿੰਘ ਨੇ ਦੱਸਿਆ ਕਿ ਮਿ੍ਰਤਕ ਜਸਪਾਲ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਸੈਣੀਮਾਜਰਾ, ਥਾਣਾ ਇਸਮਾਲਾਬਾਦ ਜ਼ਿਲ੍ਹਾ ਕੁਰੂਕਸ਼ੇਤਰ ਹਰਿਆਣਾ, ਗੁਰਵਿੰਦਰ ਸਰਮਾ ਵਾਸੀ ਪਟਵੀ ਦੀ ਬੋਰਿੰਗ ਮਸ਼ੀਨ 'ਤੇ ਕੰਮ ਕਰਦਾ ਸੀ, ਜੋ ਲਾਲੜੂ ਨੇੜੇ ਪਿੰਡ ਰਾਮਗੜ੍ਹ ਰੁੜਕੀ ਵਿਚ ਸਰਕਾਰੀ ਟਿਊਬਵੈਲ ਲਈ ਬੋਰ ਕਰ ਰਹੀ ਸੀ। ਇਸੇ ਦੌਰਾਨ 20 ਨਵੰਬਰ ਦੀ ਰਾਤ ਨੂੰ ਮਿ੍ਰਤਕ ਪਾਣੀ ਦੀ ਟੈਂਕੀ ਦੀ ਲੀਕੇਜ਼ ਰੋਕਣ ਲਈ ਮਸ਼ੀਨ 'ਤੇ ਚੜਿ੍ਹਆ ਤਾਂ ਉਸ ਦੀ ਲੋਈ ਮਸ਼ੀਨ ਦੀ ਸਾਫ਼ਟ ਵਿਚ ਫਸ ਗਈ ਅਤੇ ਉਸ ਨੂੰ ਆਪਣੀ ਲਪੇਟ 'ਚ ਲੈ ਲਿਆ, ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸ ਦੇਈਏ ਕਿ ਜਿਸ ਮਸੀਨ 'ਚ ਮਿ੍ਰਤਕ ਦੀ ਲੋਈ ਫਸੀ ਸੀ, ਉਹ 30 ਸੈਕਿੰਡ 'ਚ 600 ਚੱਕਰ ਕੱਟਦੀ ਹੈ। ਪੁਲਿਸ ਨੇ ਮਿ੍ਰਤਕ ਦੇ ਭਰਾ ਸਤਵੰਤ ਸਿੰਘ ਦੇ ਬਿਆਨ 'ਤੇ ਮਸ਼ੀਨ ਮਾਲਕ ਗੁਰਵਿੰਦਰ ਸਰਮਾ ਖ਼ਿਲਾਫ਼ ਮਾਮਲਾ ਦਰਜ ਕਰਕੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।