ਜੇਐੱਸ ਕਲੇਰ, ਜ਼ੀਰਕਪੁਰ, ਚੰਡੀਗੜ੍ਹ : ਅੰਬਾਲਾ ਸੜਕ ਤੇ ਸਥਿਤ ਰਾਇਲ ਪਾਰਕ ਰਿਜਾਰਟ ਹੋਟਲ 'ਚ ਐਤਵਾਰ ਦੁਪਹਿਰ ਇਕ ਦਰਦਨਾਕ ਹਾਦਸੇ 'ਚ ਹੋਟਲ 'ਚ ਵੇਟਰ ਦੇ ਤੌਰ 'ਤੇ ਕੰਮ ਕਰਦੇ ਇੱਕ 19 ਸਾਲਾ ਨੌਜਵਾਨ ਦੀ ਹੋਟਲ ਦੇ ਨਜ਼ਦੀਕ ਤੋਂ ਲੰਘਦੀ ਹਾਈ ਟੈਂਸ਼ਨ ਤਾਰਾਂ 'ਤੇ ਡਿੱਗ ਕੇ ਝੁਲਸਣ ਕਾਰਨ ਮੌਕੇ ਮੌਤ ਹੋ ਗਈ ਜਦੋਂ ਕਿ ਇੱ ਹੋਰ ਨੌਜਵਾਨ ਜੋ ਕਿ ਵੇਟਰ ਦਾ ਹੀ ਕੰਮ ਕਰਦਾ ਹੈ ਗੰਭੀਰ ਜ਼ਖ਼ਮੀ ਹੋ ਗਿਆ ਹੈ। ਇਸ ਮਾਮਲੇ 'ਚ ਹੋਟਲ ਪ੍ਰਬੰਧਕਾਂ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਪੁਲਿਸ ਨੇ ਮਿ੍ਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ 'ਚ ਰਖਵਾ ਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਹੈ।

ਪ੍ਰਰਾਪਤ ਜਾਣਕਾਰੀ ਅਨੁਸਾਰ ਕਮਲੇਸ਼ (19) ਪੁੱਤਰ ਸੋਮ ਕਿ੍ਸ਼ਨ ਮੂਲ ਵਾਸੀ ਪਿੰਡ ਸਮਪਾਲ ਮੰਡੀ ਹਿਮਾਚਲ ਪ੍ਰਦੇਸ਼ ਅਤੇ ਦਵਿੰਦਰ ਕੁਮਾਰ (20 ) ਵਾਸੀ ਪਿੰਡ ਪੋਖੀ ਮੰਡੀ ਹਿਮਾਚਲ ਪ੍ਰਦੇਸ਼ ਜੋ ਕਿ ਚੰਡੀਗੜ੍ਹ-ਅੰਬਾਲਾ ਰੋਡ 'ਤੇ ਸਥਿਤ ਰਾਇਲ ਪਾਰਕ ਰਿਜ਼ਾਰਟ ਹੋਟਲ 'ਚ ਵੇਟਰ ਦਾ ਕੰਮ ਕਰਦੇ ਸਨ। ਐਤਵਾਰ ਦੁਪਹਿਰ ਹੋਟਲ ਦੀ ਪਹਿਲੀ ਮੰਜ਼ਿਲ 'ਤੇ ਬਣੀ ਰਸੋਈ ਦੇ ਪਿਛਲੇ ਪਾਸੇ ਬਾਲਕਨੀ 'ਚ ਖਾਣਾ ਖਾਣ ਗਏ ਸਨ ਇਸ ਦੌਰਾਨ ਕਮਲੇਸ਼ ਜਦੋਂ ਹੇਠਾਂ ਬੈਠਣ ਲਗਾ ਤਾਂ ਉਹ ਪਿੱਛੇ ਪਲਟ ਗਿਆ ਜਿੱਥੋਂ ਹਾਈ ਟੈਂਸ਼ਨ ਤਾਰ ਨਿੱਕਲ ਰਹੀ ਸੀ। ਤਾਰ 'ਚ ਹਾਈ ਵੋਲਟੇਜ ਕਰੰਟ ਹੋਣ ਕਾਰਨ ਕਮਲੇਸ਼ ਵੇਖਦੇ ਹੀ ਵੇਖਦੇ ਝੁਲਸ ਗਿਆ ਅਤੇ ਕਰੰਟ ਲੱਗਣ ਅਤੇ ਬੁਰੀ ਤਰ੍ਹਾਂ ਝੁਲਸਣ ਕਾਰਨ ਉਸਦੀ ਗਰਦਨ ਸਰੀਰ ਤੋਂ ਅਲੱਗ ਹੋ ਗਈ ਜਦੋਂ ਕਿ ਉਸਦੇ ਨਾਲ ਬੈਠੇ ਦਵਿੰਦਰ ਕੁਮਾਰ ਨੇ ਜਦੋਂ ਕਮਲੇਸ਼ ਨੂੰ ਕਰੰਟ ਲੱਗਦਾ ਵੇਖਿਆ ਤਾਂ ਉਹ ਉਸਨੂੰ ਛੁਡਾਉਣ ਲਗਾ ਜਿਸਦੇ ਨਾਲ ਉਹ ਵੀ ਝੁਲਸ ਗਿਆ। ਜਿਸ ਨੂੰ ਸਥਾਨਕ ਜੇਪੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਜਿੱਥੇ ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਘਟਨਾ ਦੇ ਅੱਧੇ ਘੰਟਿਆ ਬਾਅਦ ਪਾਵਰਕਾਮ ਵਿਭਾਗ ਨੇ ਬਿਜਲੀ ਨੂੰ ਬੰਦ ਕਰਕੇ ਨੌਜਵਾਨ ਨੂੰ ਤਾਰਾਂ ਦੇ 'ਤੇ ਤੋਂ ਹਟਾਇਆ।

ਮਾਮਲੇ ਸਬੰਧਤ ਜਾਣਕਾਰੀ ਦਿੰਦੇ ਹੋਏ ਪੜਤਾਲੀਆ ਅਫ਼ਸਰ ਏਐੱਸਆਈ ਰਾਜੇਸ਼ ਚੌਹਾਨ ਨੇ ਦੱਸਿਆ ਕਿ ਕਮਲੇਸ਼ ਕੁਮਾਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਡੇਰਾਬੱਸੀ ਸਿਵਲ ਹਸਪਤਾਲ 'ਚ ਰਖਵਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮਿ੍ਤਕ ਦੇ ਵਾਰਸਾਂ ਦੇ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

ਮਾਮਲੇ 'ਚ ਸਾਹਮਣੇ ਆਈ ਹੋਟਲ ਦੀ ਲਾਪਰਵਾਹੀ

ਨੌਜਵਾਨ ਦੀ ਕਰੰਟ ਲੱਗਣ ਨਾਲ ਹੋਈ ਮੌਤ ਮਾਮਲੇ 'ਚ ਰਾਇਲ ਪਾਰਕ ਰਿਜ਼ਾਰਟ ਹੋਟਲ ਦੇ ਪ੍ਰਬੰਧਕਾਂ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਹੋਟਲ ਰਾਇਲ ਪਾਰਕ ਰਿਜਾਰਟ ਜੋ ਕਿ ਚੰਡੀਗੜ੍ਹ-ਅੰਬਾਲਾ ਸੜਕ 'ਤੇ ਸਥਿਤ ਹੈ ਦੀ ਸਾਈਡ ਤੋਂ ਗੁਦਾਮ ਖੇਤਰ ਲਈ ਸੜਕ ਜਾਂਦੀ ਜਿੱਥੇ ਪਹਿਲੀ ਮੰਜ਼ਿਲ 'ਤੇ ਹੋਟਲ ਦੀ ਰਸੋਈ ਬਣਾਈ ਗਈ ਹੈ। ਇਸ ਰਸੋਈ ਤਕ ਪਹੁੰਚਣ ਲਈ ਹੋਟਲ ਪ੍ਰਬੰਧਕਾਂ ਨੇ ਸਾਈਡ ਦੀ ਸੜਕ ਤੋਂ ਲੋਹੇ ਦੀਆਂ ਪੌੜੀਆਂ ਕੱਢ ਰੱਖੀਆਂ ਹਨ। ਪੌੜੀ ਦੇ ਨਾਲ ਹੀ ਲੈਂਟਰ ਪਾ ਕੇ ਬਾਲਕਨੀ ਬਣਾਈ ਹੋਈ ਹੈ ਜਿਸਦੇ ਬਿਲਕੁਲ ਨਾਲ ਹੀ ਬਿਜਲੀ ਦੀ ਹਾਈ ਟੈਂਸ਼ਨ ਤਾਰ ਨਿਕਲਦੀ ਹੈ। ਬਾਲਕਨੀ ਦੇ ਕਿਨਾਰੇ ਤੇ ਦੋ ਫੁੱਟ ਦੀ ਦੀਵਾਰ ਬਣਾਈ ਗਈ ਹੈ ਜਦੋਂ ਕਿ ਇਸ ਥਾਂ ਉੱਤੇ ਬਿਜਲੀ ਦੀਆਂ ਤਾਰਾਂ ਤੋਂ ਬਚਾਉਣ ਲਈ ਦੀਵਾਰ ਉੱਚੀ ਹੋਣੀ ਚਾਹੀਦੀ ਹੈ।ਨਗਰ ਕੌਂਸਲ ਜ਼ੀਰਕਪੁਰ ਹੁਣ ਇਸ ਗੱਲ ਦੀ ਪੜਤਾਲ ਕਰੇਗਾ ਕਿ ਪਿੱਛੇ ਜੋ ਬਾਲਕਨੀ ਬਣਾਈ ਗਈ ਹੈ ਕੀ ਉਹ ਗੈਰਕਨੂੰਨੀ ਹੈ ਜਾਂ ਨਹੀਂ।