ਸੁਰਜੀਤ ਸਿੰਘ ਕੋਹਾੜ, ਲਾਲੜੂ : ਪਿੰਡ ਜੜੌਤ ਵਿਖੇ ਕਾਰ ਨਾਲ ਟੱਕਰ 'ਚ ਮੋਟਰਸਾਈਕਲ ਸਵਾਰ 32 ਸਾਲਾ ਵਿਅਕਤੀ ਦੀ ਮੌਤ ਹੋ ਗਈ ਜਦ ਕਿ ਇਕ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ, ਜੋ ਹਸਪਤਾਲ 'ਚ ਜ਼ੇਰੇ ਇਲਾਜ ਹੈ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਬਲਜਿੰਦਰ ਸਿੰਘ ਅਨੁਸਾਰ ਰਾਮ ਰਤਨ (ਮਿ੍ਤਕ) ਦੀ ਪਤਨੀ ਕਾਂਤਾ ਰਾਣੀ ਵਾਸੀ ਜੜੌਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਤੀ ਪਿੰਡ ਦੇ ਦਰਸ਼ਨ ਕੁਮਾਰ ਦੇ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਕੋਈ ਕੰਮ ਜਾ ਰਿਹਾ ਸੀ, ਪਿੰਡ ਵਿੱਚ ਹੀ ਪੰਡਤਾਂ ਦੇ ਡੇਰੇ ਨੇੜੇ ਕੁਲਵਿੰਦਰ ਸ਼ਰਮਾ ਵਾਸੀ ਜੜੌਤ ਨੇ ਉਨ੍ਹਾਂ ਦੇ ਮੋਟਰਸਾਈਕਲ 'ਚ ਕਾਰ ਦੀ ਟੱਕਰ ਮਾਰੀ, ਜਿਸ ਦੇ ਚਲਦੇ ਉਸ ਦਾ ਪਤੀ ਅਤੇ ਚਾਲਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ 'ਚ ਲਿਜਾਇਆ ਗਿਆ। ਰਾਮ ਰਤਨ ਦੀ ਸੈਕਟਰ-32 ਚੰਡੀਗੜ੍ਹ ਦੇ ਹਸਪਤਾਲ 'ਚ ਜਾਂਦੇ ਸਮੇਂ ਰਸਤੇ ਵਿਚ ਹੀ ਮੌਤ ਹੋ ਗਈ, ਜਦਕਿ ਦਰਸ਼ਨ ਕੁਮਾਰ ਵਾਸੀ ਜੜੌਤ ਅੰਬਾਲਾ ਸ਼ਹਿਰ ਦੇ ਸਿਵਲ ਹਸਪਤਾਲ 'ਚ ਇਲਾਜ ਅਧੀਨ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਅਤੇ ਉਸ ਦੀ ਪਤਨੀ ਦੇ ਬਿਆਨ ਤੇ ਕੁਲਵਿੰਦਰ ਸ਼ਰਮਾ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।