3ਸੀਐਚਡੀ901ਪੀ

ਬਜ਼ੁਰਗ ਪੁਰਨ ਚੰਦ ਦੀ ਪੁਰਾਣੀ ਤਸਵੀਰ

ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ : ਡੇਰਾਬੱਸੀ ਵਿਖੇ ਅੰਬਾਲਾ ਚੰਡੀਗੜ੍ਹ ਹਾਈਵੇ ਤੇ ਆਲਟੋ ਕਾਰ ਦੀ ਲਪੇਟ ਵਿਚ ਆਉਣ ਨਾਲ ਇਕ ਬਜ਼ੁਰਗ ਦੀ ਮੌਤ ਹੋ ਗਈ। ਮਿ੍ਤਕ ਦੀ ਪਹਿਚਾਣ 82 ਸਾਲਾ ਪੂਰਨ ਚੰਦ ਪੁੱਤਰ ਸਾਰਦਾ ਰਾਮ ਵਾਸੀ ਪਿੰਡ ਮੁਕੰਦਪੁਰ ਡੇਰਾਬੱਸੀ ਦੇ ਤੌਰ 'ਤੇ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਤਫ਼ਤੀਸ ਸ਼ੁਰੂ ਕਰ ਦਿੱਤੀ ਹੈ। ਮਾਮਲਾ ਦੀ ਜਾਣਕਾਰੀ ਦਿੰਦਿਆ ਤਫ਼ਤੀਸੀ ਅਫ਼ਸਰ ਏਐੱਸਆਈ ਗੁਰਦਾਸ ਸਿੰਘ ਨੇ ਦੱਸਿਆ ਕਿ ਪੂਰਨ ਚੰਦ ਡੇਰਾਬੱਸੀ ਦੇ ਇੱਕ ਬੈਂਕ ਵਿੱਚੋਂ ਪੈਨਸ਼ਨ ਕਢਵਾਉਣ ਲਈ ਆਇਆ ਸੀ। ਉਹ ਫਲਾਈਓਵਰ ਨੇੜੇ ਵੇਰਕਾ ਬੂਥ ਦੇ ਸਾਹਮਣੇ ਹਾਈਵੇ ਪਾਰ ਕਰ ਰਿਹਾ ਸੀ। ਉਸ ਦੇ ਨਾਲ ਆਏ ਉਸਦੇ ਪੋਤੇ ਅਮਨ ਕੁਮਾਰ ਪੁੱਤਰ ਬਲਦੇਵ ਸਿੰਘ ਨੇ ਦੱਸਿਆ ਕਿ ਕਰੀਬ ਸਾਢੇ ਗਿਆਰਾਂ ਵਜੇ ਅੰਬਾਲਾ ਵੱਲ ਤੋਂ ਆ ਰਹੀ ਇੱਕ ਆਲਟੋ ਕਾਰ ਦੀ ਚਪੇਟ ਵਿਚ ਆਉਣ ਨਾਲ ਉਸ ਦਾ ਦਾਦਾ ਬੁਰੀ ਤਰ੍ਹਾਂ ਫ਼ੱਟੜ ਹੋ ਗਿਆ। ਕਾਰ ਵਿਚ ਦੋ ਲੜਕੀਆਂ ਸਵਾਰ ਸਨ ਜੋ ਉਸ ਨੂੰ ਡੇਰਾਬਸੀ ਸਿਵਲ ਹਸਪਤਾਲ ਲੈ ਗਈਆਂ। ਜਿੱਥੇ ਇਲਾਜ ਦੌਰਾਨ ਬਜ਼ੁਰਗ ਨੇ ਦਮ ਤੋੜ ਦਿੱਤਾ ਜਦੋਂ ਕਿ ਲੜਕੀਆਂ ਮੌਕੇ ਤੋਂ ਕਾਰ ਸਮੇਤ ਫ਼ਰਾਰ ਹੋ ਗਈਆਂ। ਅਮਨ ਕੁਮਾਰ ਦੇ ਬਿਆਨਾਂ ਤੇ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਡੇਰਾਬੱਸੀ ਹਸਪਤਾਲ ਵਿਚ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਦੇ ਹਵਾਲੇ ਕਰ ਦਿੱਤਾ।