ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਥਾਣਾ ਫੇਜ਼-1 ਦੀ ਪੁਲਿਸ ਦੁਆਰਾ ਨਾਕਾਬੰਦੀ ਦੌਰਾਨ ਨਵੇਂ ਬੱਸ ਸਟੈਂਡ ਫੇਜ਼-6 ਕੋਲ ਇਕ ਕੈਂਟਰ ਚਾਲਕ ਨੂੰ ਚੂਰਾ ਪੋਸਤ ਸਮੇਤ ਗਿ੍ਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਹਰਦੇਵ ਸਿੰਘ ਨਿਵਾਸੀ ਸੈਕਟਰ-41 ਚੰਡੀਗੜ੍ਹ ਦੇ ਰੂਪ 'ਚ ਹੋਈ ਹੈ। ਪੁਲਿਸ ਨੇ ਹਰਦੇਵ ਸਿੰਘ ਤੋਂ 23 ਕਿੱਲੋ ਚੂਰਾ ਪੋਸਤ ਬਰਾਮਦ ਕੀਤਾ ਹੈ।

ਸਬ ਇੰਸਪੈਕਟਰ ਪਿ੍ਰਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਰਾਰਤੀ ਅਨਸਰਾਂ ਦੇ ਖ਼ਿਲਾਫ਼ ਫੇਜ਼-6 ਨਵੇਂ ਬੱਸ ਸਟੈਂਡ ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲਿਸ ਨੇ ਸ਼ਕ ਦੇ ਆਧਾਰ 'ਤੇ ਇੱਕ ਕੈਂਟਰ ਚਾਲਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਪੁਲਿਸ ਨੂੰ ਵੇਖਕੇ ਘਬਰਾ ਗਿਆ ਅਤੇ ਵਾਪਸ ਮੁੜ ਕੇ ਭੱਜਣ ਲੱਗਾ। ਪੁਲਿਸ ਨੇ ਉਸਨੰੂ ਕਾਬੂ ਕਰਕੇ ਜਦੋਂ ਉਸਦੇ ਕੈਂਟਰ ਦੀ ਤਾਲਾਸ਼ੀ ਕੀਤੀ ਤਾਂ ਉਸਤੋਂ ਇੱਕ ਥੈਲੇ 'ਚ 23 ਕਿੱਲੋ ਚੂਰਾ ਪੋਸਤ ਬਰਾਮਦ ਹੋਇਆ। ਪੁਲਿਸ ਨੇ ਹਰਦੇਵ ਸਿੰਘ ਦੇ ਖ਼ਿਲਾਫ਼ ਐੱਨਡੀਪੀਐੱਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਉਸਨੂੰ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਉਸਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ।