ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਨੇ 100 ਗ੍ਰਾਮ ਹੈਰੋਇਨ ਤੇ 6 ਹਜ਼ਾਰ ਡਰੱਗ ਮਨੀ ਸਮੇਤ ਇਕ ਵਿਅਕਤੀ ਨੂੰ ਗਿ੍ਰਫ਼ਤਾਰ ਕੀਤਾ ਹੈ। ਗਿ੍ਰਫ਼ਤਾਰ ਕੀਤੇ ਵਿਅਕਤੀ ਦੀ ਪਛਾਣ ਪ੍ਰਸ਼ਾਂਤ ਕੁਮਾਰ ਉਰਫ ਮੰਨੂ ਵਾਸੀ ਸੈਕਟਰ-56 ਚੰਡੀਗੜ ਵਜੋਂ ਹੋਈ ਹੈ ਜੋਕਿ ਇਨੀਂ ਦਿਨੀਂ ਅਮਨ ਹੋਮ ਸੈਕਟਰ-125 ਨਿਊ ਸੰਨੀ ਐਨਕਲੇਵ ਖਰੜ 'ਚ ਰਹਿ ਰਿਹਾ ਸੀ। ਮੁਲਜ਼ਮ ਪ੍ਰਸ਼ਾਂਤ ਕੁਮਾਰ ਖਿਲਾਫ ਐੱਸਟੀਐੱਫ ਥਾਣਾ ਫੇਜ਼-4 'ਚ ਮਾਮਲਾ ਦਰਜ ਕਰ ਕੇ ਉਸ ਨੂੰ ਅੱਜ ਮੋਹਾਲੀ ਕੋਰਟ 'ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਮੁਲਜ਼ਮ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ।

ਜਾਣਕਾਰੀ ਦਿੰਦਿਆਂ ਐੱਸਟੀਐੱਫ ਦੇ ਏਆਈਸੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਏਐੱਸਆਈ ਅਵਤਾਰ ਸਿੰਘ ਗਸ਼ਤ 'ਤੇ ਤੈਨਾਤ ਸਨ, ਉਸੇ ਦੌਰਾਨ ਉਨ੍ਹਾਂ ਨੰੂ ਗੁਪਤ ਸੂਚਨਾ ਮਿਲੀ ਕਿ ਇਕ ਵਿਅਕਤੀ ਹੈਰੋਇਨ ਦੀ ਸਪਲਾਈ ਦੇਣ ਲਈ ਆਪਣੇ ਪਲਸਰ ਮੋਟਰਸਾਈਕਲ 'ਤੇ ਖਰੜ ਤੋਂ ਮੋਹਾਲੀ ਵੱਲ ਆ ਰਿਹਾ ਹੈ। ਏਐੱਸਆਈ ਅਵਤਾਰ ਸਿੰਘ ਨੇ ਸੂਚਨਾ ਦੇ ਆਧਾਰ 'ਤੇ ਬਲੌਂਗੀ ਸਥਿਤ ਪੁਰਾਣੇ ਸੇਲ ਟੈਕਸ ਬੈਰੀਅਰ ਕੋਲ ਨਾਕਾਬੰਦੀ ਦੌਰਾਨ ਉਕਤ ਨੂੰ ਗਿ੍ਰਫਤਾਰ ਕਰ ਲਿਆ। ਐੱਸਟੀਐੱਫ ਨੂੰ ਮੁਲਜ਼ਮ ਵੱਲੋਂ ਤਾਲਾਸ਼ੀ ਦੌਰਾਨ ਉਸ ਦੀ ਜੇਬ 'ਚੋਂ100 ਗ੍ਰਾਮ ਹੈਰੋਇਨ ਅਤੇ ਦੂਜੀ ਜੇਬ 'ਚੋਂ 6 ਹਜਾਰ ਰੁਪਏ ਡਰੱਗ ਮਨੀ ਬਰਾਮਦ ਹੋਈ। ਵਿਅਕਤੀ ਨੂੰ ਐੱਸਟੀਐੱਫ ਨੇ ਤੁਰੰਤ ਗਿ੍ਰਫਤਾਰ ਕਰ ਕੇ ਉਸ ਖਿਲਾਫ ਐੱਸਟੀਐੱਫ ਪੁਲਿਸ ਸਟੇਸ਼ਨ ਫੇਜ਼-4 ਮੋਹਾਲੀ 'ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ।

ਪੁੱਛਗਿਛ ਦੌਰਾਨ ਮੁਲਜ਼ਮ ਪ੍ਰਸ਼ਾਂਤ ਨੇ ਦੱਸਿਆ ਕਿ ਉਸ ਨੇ 12ਵੀਂ ਜਮਾਤ ਤਕ ਚੰਡੀਗੜ੍ਹ ਦੇ ਸਕੂਲ ਤੋਂ ਪੜ੍ਹਾਈ ਕੀਤੀ ਹੈ। ਮੋਹਾਲੀ ਸਥਿਤ ਸਾਲ 2010 ਤੋਂ 2017 ਤਕ ਵੱਖ-ਵੱਖ ਕਾਲ ਸੈਕਟਰਾਂ 'ਚ ਨੌਕਰੀ ਕੀਤੀ। ਸਾਲ 2018 'ਚ ਉਸ ਨੇ ਖ਼ੁਦ ਹੀ ਕਿਰਾਏ 'ਤੇ ਫਲੈਟ ਲੈ ਕੇ ਕਾਲ ਸੈਂਟਰ ਖੋਲਿ੍ਹਆ ਸੀ ਪਰ ਕੰਮ ਨਾ ਚਲਣ ਕਾਰਨ ਉਸ ਨੇ ਊਬਰ ਈਟਸ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਦੱਸਿਆ ਕਿ ਉਹ ਕਰੀਬ 6 ਮਹੀਨੇ ਤੋਂ ਹੈਰੋਇਨ ਦਾ ਧੰਦਾ ਕਰਨ ਲਗਾ ਹੈ। ਉਸ ਨੇ ਦੱਸਿਆ ਕਿ ਪਹਿਲਾਂ ਉਹ ਆਪਣੇ ਇਕ ਦੋਸਤ ਨਾਲ ਮਿਲਕੇ ਡੱਡੂਮਾਜਰਾ ਸਥਿਤ ਬਾਲਾ ਨਾਮ ਦੀ ਮਹਿਲਾ ਤੋਂ ਹੈਰੋਇਨ ਲਿਆ ਕੇ ਪੀਂਦੇ ਸਨ ਪਰ ਇਕ ਮਾਮਲੇ 'ਚ ਉਸ ਨੂੰ ਜੇਲ੍ਹ ਹੋ ਗਈ। ਉਸਦੇ ਬਾਅਦ ਉਹ ਖਰੜ ਸਥਿਤ ਵਿਸ਼ਵਕਰਮਾ ਵੈਲੰਡਿਗ ਚਲਾਉਣ ਵਾਲੇ ਕੁਲਦੀਪ ਸਿੰਘ ਤੋਂ ਹੈਰੋਇਨ ਖਰੀਦ ਕੇ ਪੀਣ ਲੱਗੇ। ਉਸ ਨੂੰ ਵੀ ਇਕ ਮਾਮਲੇ 'ਚ ਜੇਲ੍ਹ ਹੋ ਗਈ। ਉਸ ਦੇ ਬਾਅਦ ਉਹ ਦਿੱਲੀ ਸਥਿਤ ਦੁਆਰਕਾ ਨਗਰ ਤੋਂ ਫਰੈਂਕ ਨਾਮ ਦੇ ਨਾਈਜੀਰੀਅਨ ਤੋਂ ਹੈਰੋਇਨ ਲੈ ਕੇ ਆਉਂਦਾ ਸੀ ਜੋ ਕਿ ਉਸ ਨੂੰ ਪਿੱਲਰ ਨੰਬਰ 721 ਕੋਲ ਉਸ ਦੀ ਸਪਲਾਈ ਦੇ ਕੇ ਜਾਂਦਾ ਸੀ। ਉਸ ਨੇ ਦੱਸਿਆ ਕਿ ਉਹ ਨਾਈਜੀਰੀਅਨ ਤੋਂ 1000 ਰੁਪਏ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਹੈਰੋਇਨ ਲਿਆ ਕੇ ਮੋਹਾਲੀ ਤੇ ਖਰੜ 'ਚ 2 ਹਜਾਰ ਤੋਂ 25 ਸੌ ਰੁਪਏ 'ਚ ਅੱਗੇ ਵੇਚਦਾ ਸੀ।