ਰਣਜੀਤ ਰਾਣਾ, ਐੱਸਏਐੱਸ ਨਗਰ : ਐੱਸਟੀਐੱਫ਼ ਦੇ ਮੋਹਾਲੀ ਯੂਨਿਟ ਵੱਲੋਂ ਨਸ਼ਾ ਤਸ਼ਕਰੀ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਐੱਸਪੀ ਰਾਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਨਸ਼ਾ ਤਸਕਰਾਂ ਅਤੇ ਨਸ਼ਾ ਕਰਨ ਵਾਲਿਆਂ ਖ਼ਿਲਾਫ਼ ਸ਼ਿਕੰਜਾ ਕੱਸਦੇ ਹੋਏ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ 26 ਗ੍ਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਥਾਣਾ ਐੱਸਟੀਐੱਫ਼ ਫੇਜ਼-4 'ਚ ਇਕ ਖੂਫੀਆ ਇਤਲਾਹ ਮਿਲੀ ਸੀ ਕਿ ਰਾਹੁਲ ਵਰਮਾ ਉਰਫ਼ ਗੋਰੂ ਵਾਸੀ ਸੈਕਟਰ-41ਏ, ਚੰਡੀਗੜ੍ਹ ਆਪਣੇ ਪੱਕੇ ਗਾਹਕਾਂ ਨੂੰ ਹੈਰੋਇਨ ਦੀ ਸਪਲਾਈ ਕਰਦਾ ਹੈ। ਜਿਸ ਨੂੰ ਏਐੱਸਆਈ ਸੁਖਵਿੰਦਰ ਸਿੰਘ ਨੇ ਪੀਟੀਐੱਲ ਚੌਕ ਫੇਜ਼-5 ਤੋਂ ਕਾਬੂ ਕਰਕੇ ਉਸ ਦੀ ਤਲਾਸ਼ੀ ਲੈਣ 'ਤੇ 26 ਗਰਾਮ ਹੈਰੋਇਨ ਬਰਾਮਦ ਕੀਤੀ ਗਈ।

ਐੱਸਪੀ ਸੋਹਲ ਨੇ ਦੱਸਿਆ ਕਿ ਰਾਹੁਲ ਵਰਮਾ ਉੁਕਤ ਦੀ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ, ਕਿ ਆਪ ਜਿਊਲਰ ਦਾ ਕੰਮ ਕਰਦਾ ਹੈ। ਇਸ ਦੀ ਆਪਣੀ ਸੁਨਿਆਰੇ ਦੀ ਦੁਕਾਨ ਸੈਕਟਰ-41 ਚੰਡੀਗੜ੍ਹ ਅਤੇ ਇਕ ਦੁਕਾਨ ਪਿੰਡ ਸਾਹੀ ਮਾਜਰਾ, ਜ਼ਿਲ੍ਹਾ ਮੋਹਾਲੀ ਵਿਚ ਹੈ ਅਤੇ ਖ਼ੁਦ ਹੈਰੋਇਨ ਪੀਣ ਦਾ ਆਦੀ ਹੈ। ਹੁਣ ਇਹ ਵਿਅਕਤੀ ਦਿੱਲੀ ਤੋਂ ਇਕ ਨਾਇਜ਼ੀਰੀਅਨ ਤੋਂ ਹੈਰੋਇਨ ਲੈ ਕੇ ਚੰਡੀਗੜ੍ਹ, ਮੋਹਾਲੀ ਦੇ ਏਰੀਆ ਵਿਚ ਸਪਲਾਈ ਕਰਦਾ ਹੈ। ਜਿਸ ਕੋਲੋਂ 26 ਗ੍ਾਮ ਹੈਰੋਇਨ ਬਰਾਮਦ ਹੋਈ ਹੈ। ਉਸ ਦੇ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਥਾਣਾ ਐਸਟੀਐਫ਼ ਫੇਜ਼-4, ਮੋਹਾਲੀ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ। ਮੁਲਜ਼ਮ ਨੂੰ ਅੱਜ ਮੋਹਾਲੀ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁਛਗਿੱਛ ਕੀਤੀ ਜਾਵੇਗੀ ਅਤੇ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਉਹ ਕਿਸ-ਕਿਸ ਨੂੰ ਹੈਰੋਇਨ ਸਪਲਾਈ ਕਰਦਾ ਹੈ।