ਪੰਜਾਬੀ ਜਾਗਰਣ ਟੀਮ, ਖਰੜ : ਖਰੜ ਪੁਲਿਸ ਨੇ ਇਕ ਵਿਅਕਤੀ ਨੂੰ 13 ਬੋਤਲਾਂ ਪਲਾਸਟਿਕ ਮਾਰਕਾ ਸ਼ਰਾਬ ਸਮੇਤ ਗਿ੍ਰਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਹਾਈਵੇ 'ਤੇ ਸੰਨੀ ਇਨਕਲੇਵ ਨੇੜੇ ਨਿੱਝਰ ਚੌਂਕ 'ਤੇ ਪੁਲਿਸ ਟੀਮ ਵੱਲੋਂ ਲਗਾਏ ਨਾਕੇ ਦੌਰਾਨ ਪੈਦਲ ਆ ਰਹੇ ਸੰਜੀਵ ਉਰਫ਼ ਟਿੱਪਾ ਵਾਸੀ ਬੰਗਾਲਾ ਬਸਤੀ ਮੁੰਡੀ ਖਰੜ, ਜੋ ਪੁਲਿਸ ਨੂੰ ਦੇਖ ਕੇ ਘਬਰਾ ਗਿਆ ਤੇ ਵਾਪਸ ਮੁੜਨ ਲੱਗਾ, ਨੂੰ ਸ਼ੱਕ ਦੇ ਆਧਾਰ 'ਤੇ ਫੜ ਲਿਆ। ਉਕਤ ਵਿਅਕਤੀ ਕੋਲ ਮੌਜੂਦ ਥੈਲੇ ਦੀ ਤਲਾਸ਼ੀ ਦੌਰਾਨ ਥੈਲੇ 'ਚੋਂ 13 ਬੋਤਲਾਂ ਸ਼ਰਾਬ ਪਲਾਸਟਿਕ ਮਾਰਕਾ (ਜਿਨ੍ਹਾਂ ਉਪਰ ਸੁਪਰ ਹਿੰਮਤ ਸੰਤਰਾ ਕੰਟਰੀ ਸੀਪ ਇੰਡਸਟਰੀਅਲ ਏਰੀਆ ਫੇਜ਼-1 ਚੰਡੀਗੜ੍ਹ ਲਿਖਿਆ ਹੋਇਆ ਸੀ) ਬਰਾਮਦ ਹੋਈਆਂ। ਪੁਲਿਸ ਨੇ ਇਸ ਸਬੰਧੀ ਐਕਸਾਈਜ਼ ਐਕਟ ਦੀ ਧਾਰਾ 61/1/14 ਅਧੀਨ ਮਾਮਲਾ ਦਰਜ ਕੀਤਾ ਹੈ। ਉਕਤ ਵਿਅਕਤੀ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਜਿਥੋਂ ਉਸ ਨੂੰ ਨਿਆਇਕ ਹਿਰਾਸਤ 'ਚ ਰੋਪੜ ਜੇਲ੍ਹ ਭੇਜ ਦਿੱਤਾ ਗਿਆ ਹੈ।