ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਸਥਾਨਕ ਸਿਟੀ ਪੁਲਿਸ ਵੱਲੋਂ ਤਿਉਹਾਰਾਂ ਦੇ ਸੀਜਨ ਕਰਕੇ ਕੀਤੀ ਜਾ ਰਹੀ ਵਿਸ਼ੇਸ ਨਾਕੇਬੰਦੀ ਦੌਰਾਨ ਚੰਡੀਗੜ੍ਹ ਦੇ ਕੈਂਟਰ 'ਚ ਲੋਡ ਕਰਕੇ ਲਿਆਂਦੀਆਂ ਜਾ ਰਹੀਆਂ 130 ਪੇਟੀਆਂ ਦੇਸੀ ਸ਼ਰਾਬ ਸਮੇਤ ਇਕ ਵਿਅਕਤੀ ਨੰੂ ਕਾਬੂ ਕੀਤਾ ਗਿਆ ਹੈ। ਥਾਣਾ ਸਿਟੀ ਮੁਖੀ ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਸਿਸਵਾਂ ਮਾਰਗ 'ਤੇ ਰਾਧਾ ਸਵਾਮੀ ਸਤਿਸੰਗ ਭਵਨ ਟੀ-ਪੁਆਇੰਟ ਤੇ ਤਿਉਹਾਰਾਂ ਦੇ ਸੀਜਨ ਕਰਕੇ ਵਿਸ਼ੇਸ ਚੈਕਿੰਗ ਤਹਿਤ ਨਾਕਾ ਲਗਾਇਆ ਸੀ। ਇਸ ਦੌਰਾਨ ਚੰਡੀਗੜ੍ਹ ਵੱਲੋਂ ਕੈਂਟਰ ਚਾਲਕ ਨੇ ਪੁਲਿਸ ਪਾਰਟੀ ਨੂੰ ਵੇਖ ਕੇ ਕੈਂਟਰ ਨੂੰ ਤੇਜ ਗਤੀ ਨਾਲ ਨਾਕੇ ਤੋਂ ਭਜਾਉਣ ਦੀ ਕੋਸ਼ਿਸ ਕੀਤੀ। ਪੁਲਿਸ ਨੇ ਕੈਂਟਰ ਚਾਲਕ ਨੰੂ ਰੋਕਿਆ ਤੇ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣੀ ਪਛਾਣ ਅੰਕੁਸ਼ ਡਡਵਾਲ ਵਾਸੀ ਸਬਜ਼ੀ ਮੰਡੀ ਊਨਾ (ਹਿਮਾਚਲ ਪ੍ਰਦੇਸ਼) ਵਜੋਂ ਦੱਸੀ। ਪੁਲਿਸ ਪਾਰਟੀ ਵੱਲੋਂ ਕੈਂਟਰ ਦੀ ਤਲਾਸ਼ੀ ਲੈਣ 'ਤੇ ਉਸ 'ਚੋਂ ਚੰਡੀਗੜ੍ਹ 'ਚ ਵਿਕਣਯੋਗ 130 ਪੇਟੀਆਂ ਸ਼ਰਾਬ ਸੰਤਰਾ ਮਾਰਕਾ ਬਰਾਮਦ ਕੀਤੀ ਗਈ। ਪੁਲਿਸ ਨੇ ਕੈਂਟਰ ਸਮੇਤ ਨਾਜਾਇਜ਼ ਸ਼ਰਾਬ ਦੀ ਖੇਪ ਕਬਜ਼ੇ 'ਚ ਲੈਂਦੇ ਹੋਏ ਮੁਲਜ਼ਮ ਅੰਕੁਸ਼ ਡਡਵਾਲ ਖਿਲਾਫ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।