ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ : ਡੇਰਾਬੱਸੀ ਬਰਵਾਲਾ ਮਾਰਗ 'ਤੇ ਪੈਂਦੇ ਪਿੰਡ ਭਗਵਾਨਪੁਰ 'ਚ ਇਕ ਫ਼ੈਕਟਰੀ 'ਚੋਂ ਮਾਲ ਭਰਨ ਲਈ ਵੱਡਾ ਟਰਾਲਾ (ਘੋੜਾ) ਚਾਲਕ ਲੈ ਕੇ ਫ਼ਰਾਰ ਹੋਇਆ ਮੁਲਜ਼ਮ ਪੁਲਿਸ ਨੇ ਦੱਸ ਦਿਨਾਂ ਬਾਅਦ ਗਿ੍ਫ਼ਤਾਰ ਕਰ ਲਿਆ। ਪੁਲਿਸ ਨੇ ਇਸ ਮਾਮਲੇ 'ਚ ਘੋੜੇ ਦੇ ਮਾਲਕ ਭਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਸਰਹਿੰਦ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੀ ਸ਼ਿਕਾਇਤ 'ਤੇ ਮਨਦੀਪ ਸਿੰਘ ਪੁੱਤਰ ਵਾਸੀ ਪਿੰਡ ਕਾਜਮਪੁਰ ਜ਼ਿਲ੍ਹਾ ਗੁਰਦਾਸਪੁਰ ਖ਼ਿਲਾਫ਼ ਘੋੜਾ ਚੋਰੀ ਕਰਨ ਦਾ ਮਾਮਲਾ ਦਰਜ ਕੀਤਾ ਸੀ। ਜਿਸ ਨੂੰ ਅੱਜ ਅਦਾਲਤ 'ਚ ਪੇਸ਼ ਕਰਨ 'ਤੇ ਪੁਲਿਸ ਨੂੰ ਅਦਾਲਤ ਨੇ ਦੋ ਦਿਨਾਂ ਦੇ ਪੁਲਿਸ ਰਿਮਾਂਡ ਲਈ ਸੌਂਪ ਦਿੱਤਾ ਹੈ।

ਘੋੜੇ ਦੇ ਮਾਲਕ ਭਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਲੰਘੀ 11 ਸਤੰਬਰ ਦੀ ਰਾਤ ਨੂੰ ਆਪਣਾ ਘੋੜਾ ਟਰਾਲਾ ਭਰਨ ਲਈ ਮਲਟੀ ਇੰਜ: ਕੰਪਨੀ ਭਾਗਵਨਪੁਰ ਲਿਆਂਦਾ ਸੀ ਤੇ ਘੋੜੇ ਟਰਾਲੇ ਕੋਲ ਮਨਦੀਪ ਸਿੰਘ ਚਾਲਕ ਨੂੰ ਛੱਡ ਕੇ ਉਹ ਆਪਣੇ ਘਰ ਆ ਗਿਆ ਦੂਸਰੇ ਦਿਨ ਜਦੋਂ ਉਸਨੇ ਜਾ ਕੇ ਵੇਖਿਆ ਘੋੜੇ ਟਰਾਲੇ ਦੀ ਟਰਾਲੀ ਉੱਥੇ ਹੀ ਸੀ ਪਰ ਅੱਗੇ ਵਾਲਾ ਟਰੱਕ ਉੱਥੇ ਨਹੀਂ ਸੀ। ਜਿਸਨੂੰ ਮਨਦੀਪ ਸਿੰਘ ਲੈ ਕੇ ਫ਼ਰਾਰ ਹੋ ਗਿਆ ਸੀ।

ਪੁਲਿਸ ਨੇ ਗੁਰਦਾਸਪੁਰ ਤੋਂ ਕੀਤਾ ਟਰੱਕ ਬਰਾਮਦ

ਮਾਮਲੇ ਦੀ ਤਫ਼ਤੀਸ਼ੀ ਅਫ਼ਸਰ ਹੌਲਦਾਰ ਧਰਮਰਾਜ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਵਿਚ 120 ਬੀ ਦਾ ਵਾਧਾ ਕਰਦੇ ਹੋਏ ਮੁਲਜ਼ਮ ਦੇ ਸਾਥੀ ਹਰਪ੍ਰਰੀਤ ਸਿੰਘ ਉਰਫ਼ ਹੈਪੀ ਪੁੱਤਰ ਸੁਖਰਾਜ ਵਾਸੀ ਪਿੰਡ ਤੁਗਲਵਾਲ ਜ਼ਿਲ੍ਹਾ ਗੁਰਦਾਸਪੁਰ ਨੂੰ ਸੈਦਪੁਰਾ ਤੋਂ ਗਿ੍੍ਫ਼ਤਾਰ ਕੀਤਾ ਜਦੋਂ ਕਿ ਮੁਲਜ਼ਮ ਮਨਦੀਪ ਸਿੰਘ ਨੂੰ ਗੁਰਦਾਸਪੁਰ ਦੇ ਇੱਕ ਡੇਰੇ ਤੋਂ ਗਿ੍ਫ਼ਤਾਰ ਕੀਤਾ ਹੈ ਜਿੱਥੇ ਟਰੱਕ ਵੀ ਵੇਚਣ ਲਈ ਖੜਾਇਆ ਹੋਇਆ ਸੀ। ਪੁਲਿਸ ਨੇ ਟਰੱਕ ਨੂੰ ਬਰਾਮਦ ਕਰਕੇ ਡੇਰਾਬੱਸੀ ਲਿਆਂਦਾ ਹੈ ਅਤੇ ਦੋਵੇਂ ਮੁਲਜ਼ਮਾਂ ਨੂੰ ਗਿ੍ਫ਼ਤਾਰੀ ਬਾਅਦ ਅਦਾਲਤ 'ਚ ਪੇਸ਼ ਕੀਤਾ ਜਿੱਥੇ ਅਦਾਲਤ ਨੇ ਪੁਲਿਸ ਰਿਮਾਂਡ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਗੱਡੀ ਦਾ ਇੱਕ ਟਾਇਰ ਅਤੇ ਕਾਗਜ਼ਾਤ ਗਾਇਬ ਹਨ। ਪੁਲਿਸ ਨੂੰ ਖ਼ਦਸਾ ਹੈ ਕਿ ਮੁਲਜ਼ਮ ਪਹਿਲਾ ਵੀ ਇਹ ਕਾਰੋਬਾਰ ਕਰਦੇ ਹੋਣਗੇ ਜੋ ਪੁੱਛਗਿੱਛ 'ਚ ਪਤਾ ਲੱਗੇਗਾ।