ਸਟੇਟ ਬਿਊਰੋ, ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ ਦੇ ਬਾਵਜੂਦ ਪੰਜਾਬ 'ਚ ਕੋਰੋਨਾ ਟੈਸਟਿੰਗ ਦਾ ਅੰਕੜਾ 30 ਹਜ਼ਾਰ ਨੂੰ ਨਹੀਂ ਛੋਹ ਸਕਿਆ। 24 ਘੰਟਿਆਂ 'ਚ 23,997 ਲੋਕਾਂ ਦੀ ਹੀ ਟੈਸਟਿੰਗ ਹੋਈ। ਵੀਰਵਾਰ ਨੂੰ 566 ਲੋਕ ਪਾਜ਼ੇਟਿਵ ਪਾਏ ਗਏ ਜਦਕਿ ਸੂਬੇ 'ਚ 13 ਲੋਕਾਂ ਨੂੰ ਕੋਰੋਨਾ ਕਾਰਨ ਜਾਨ ਗੁਆਉਣੀ ਪਈ। ਇਨ੍ਹਾਂ 'ਚ ਸਭ ਤੋਂ ਜ਼ਿਆਦਾ ਪੰਜ ਲੋਕਾਂ ਦੀ ਮੌਤ ਹੁਸ਼ਿਆਰਪੁਰ 'ਚ ਹੋਈ ਜਦਕਿ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) 'ਚ ਤਿੰਨ, ਜਲੰਧਰ ਤੇ ਪਟਿਆਲਾ 'ਚ ਦੋ-ਦੋ ਤੇ ਮੋਹਾਲੀ 'ਚ ਇਕ ਦੀ ਮੌਤ ਹੋਈ।

ਕੋਰੋਨਾ ਇਨਫੈਕਸ਼ਨ ਦੇ ਮਾਮਲੇ 'ਚ ਮੁੜ ਇਕ ਵਾਰ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦਾ ਗ੍ਰਾਫ ਤੇਜ਼ੀ ਨਾਲ ਵਧਿਆ ਹੈ। ਇੱਥੇ 24 ਘੰਟਿਆਂ 'ਚ 11 ਨਵੇਂ ਮਾਮਲੇ ਸਾਹਮਣੇ ਆਏ ਹਨ। ਜ਼ਿਲ੍ਹੇ 'ਚ ਸਰਗਰਮ ਮਾਮਲਿਆਂ ਦੀ ਗਿਣਤੀ ਵੱਧ ਕੇ 683 ਹੋ ਗਈ ਹੈ। ਨਵਾਂਸ਼ਹਿਰ ਤੋਂ ਇਲਾਵਾ ਵੀਰਵਾਰ ਨੂੰ ਜਲੰਧਰ 'ਚ 65 (ਕੁਲ ਸਰਗਰਮ 419), ਅੰਮਿ੍ਤਸਰ 'ਚ 64 (ਕੁਲ ਸਰਗਰਮ 387), ਪਟਿਆਲਾ 'ਚ 61 (ਕੁਲ ਸਰਗਰਮ 328), ਲੁਧਿਆਣਾ 55 (ਕੁਲ ਸਰਗਰਮ 507), ਮੋਹਾਲੀ 50 ਨਵੇਂ ਕੇਸ ਸਾਹਮਣੇ ਆਏ। ਮੋਹਾਲੀ 'ਚ ਕੁਲ ਸਰਗਰਮ ਮਰੀਜ਼ਾਂ ਦੀ ਗਿਣਤੀ 501 ਹੋ ਗਈ ਹੈ।

ਹੁਸ਼ਿਆਰਪੁਰ 'ਚ 45 ਤੇ ਕਪੂਰਥਲਾ 'ਚ 37 ਨਵੇਂ ਮਾਮਲੇ ਸਾਹਮਣੇ ਆਏ। ਸੂਬੇ 'ਚ ਕੁਲ ਸਰਗਰਮ ਮਰੀਜ਼ਾਂ ਦੀ ਗਿਣਤੀ 3870 ਹੋ ਗਈ ਹੈ। ਉੱਥੇ, 278 ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ। ਵੀਰਵਾਰ ਨੂੰ 3507 ਸਿਹਤ ਕਾਮਿਆਂ ਨੇ ਪਹਿਲਾਂ ਟੀਕਾ ਲਗਵਾਇਆ, ਜਦਕਿ 5383 ਫਰੰਟ ਲਾਈਨ ਵਰਕਰਾਂ ਨੇ ਕੋਰੋਨਾ ਦਾ ਪਹਿਲਾ ਟੀਕਾ ਲਗਵਾਇਆ।

ਮਾਈਕ੍ਰੋ ਕੰਟੇਨਮੈਂਟ ਜ਼ੋਨ ਬਣਾਏ ਗਏ

ਐੱਸਬੀਐੱਸ ਨਗਰ (ਨਵਾਂਸ਼ਹਿਰ) 'ਚ ਲਗਾਤਾਰ ਵਧਦੇ ਕੋਰੋਨਾ ਦੇ ਮਾਮਲਿਆਂ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਤਿੰਨ ਮਾਈਕ੍ਰੋ ਕੰਟੇਨਮੈਂਟ ਜ਼ੋਨ ਬਣਾਏ ਹਨ। ਇਨ੍ਹਾਂ 'ਚ ਕਾਂਗਰਸੀ ਵਿਧਾਇਕ ਅੰਗਦ ਸੈਣੀ ਦਾ ਪਿੰਡ ਸਲੋਹ ਵੀ ਸ਼ਾਮਲ ਹੈ। ਜਿੱਥੋਂ ਦੀ ਆਬਾਦੀ 1281 ਹੈ ਜਦਕਿ ਸਭ ਤੋਂ ਜ਼ਿਆਦਾ ਸੱਤ ਮਾਈਕ੍ਰੋ ਕੰਟੇਨਮੈਂਟ ਜ਼ੋਨ ਜਲੰਧਰ 'ਚ ਬਣਾਏ ਗਏ ਹਨ। ਇਸ ਤੋਂ ਇਲਾਵਾ ਲੁਧਿਆਣਾ ਤੇ ਫਿਰੋਜ਼ਪੁਰ 'ਚ ਦੋ-ਦੋ ਤੇ ਫਤਹਿਗੜ੍ਹ ਸਾਹਿਬ 'ਚ ਇਕ ਮਾਈਕ੍ਰੋ ਕੰਟੇਨਮੈਂਟ ਜ਼ੋਨ ਬਣਾਇਆ ਗਿਆ ਹੈ।

ਲੁਧਿਆਣੇ 'ਚ ਸਭ ਤੋਂ ਜ਼ਿਆਦਾ ਮੌਤਾਂ

ਪੰਜਾਬ 'ਚ ਕੋਰੋਨਾ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਮੌਤਾਂ ਲੁਧਿਆਣਾ ਜ਼ਿਲ੍ਹੇ 'ਚ ਹੋਈਆਂ ਹਨ। ਇਥੇ 1023 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਜ਼ਿਲ੍ਹਾ ਜਲੰਧਰ ਦਾ ਨੰਬਰ ਹੈ ਜਿੱਥੇ 702 ਲੋਕਾਂ ਨੇ ਕੋਰੋਨਾ ਕਾਰਨ ਦਮ ਤੋੜਿਆ ਹੈ। ਉੱਥੇ ਵੀਰਵਾਰ ਤਕ ਜ਼ਿਲ੍ਹਾ ਅੰਮਿ੍ਤਸਰ 'ਚ 592, ਪਟਿਆਲਾ 'ਚ 510, ਮੋਹਾਲੀ 'ਚ 384 ਤੇ ਹੁਸ਼ਿਆਰਪੁਰ 'ਚ 366 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ।