ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪ੍ਰਚਾਰ ਦਾ ਰੌਲਾ ਸ਼ੁੱਕਰਵਾਰ ਸ਼ਾਮ 6 ਵਜੇ ਬੰਦ ਹੋ ਗਿਆ। ਪ੍ਰਚਾਰ ਦੇ ਆਖ਼ਰੀ ਦਿਨ ਸਾਰੇ ਪ੍ਰਮੁੱਖ ਆਗੂਆਂ ਨੇ ਆਪੋ-ਆਪਣਾ ਆਖ਼ਰੀ ਦਾਅ ਵੀ ਖੇਡਿਆ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਦੌੜ ’ਚ ਅਤੇ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਟਿਆਲਾ ’ਚ ਰੋਡ ਸ਼ੋਅ ਕੀਤਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਬੋਹਰ ’ਚ ਰੈਲੀ ਨੂੰ ਸੰਬੋਧਨ ਕੀਤਾ। ਅਬੋਹਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਦਿਨ ਪਹਿਲਾਂ ਹੀ ਰੈਲੀ ਕੀਤੀ ਸੀ। ਸੁਖਬੀਰ ਬਾਦਲ ਨੇ ਜਿੱਥੇ ਮੁਕਤਸਰ ਸਾਹਿਬ ’ਚ ਮੋਰਚਾ ਸੰਭਾਲਿਆ ਤਾਂ ਭਗਵੰਤ ਮਾਨ ਨੇ ਤਾਬੜਤੋੜ ਤਿੰਨ ਰੈਲੀਆਂ ਕੀਤੀਆਂ।

ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਨੇ ਪੂਰੀ ਜਾਨ ਲਗਾ ਦਿੱਤੀ। ਕੇਜਰੀਵਾਲ ਨੇ ਅਬੋਹਰ ’ਚ ਚੋਣ ਰੈਲੀ ਨੂੰ ਸੰਬੋਧਨ ਕੀਤਾ ਜਦਕਿ ਭਗਵੰਤ ਮਾਨ ਨੇ ਫ਼ਤਹਿਗੜ੍ਹ ਸਾਹਿਬ, ਲੁਧਿਆਣਾ ਦੇਹਾਤੀ ਤੇ ਧੂਰੀ ’ਚ ਤਿੰਨ ਰੈਲੀਆਂ ਕੀਤੀਆਂ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਟਿਆਲਾ ’ਚ ਕੈਪਟਨ ਅਮਰਿੰਦਰ ਸਿੰਘ ਦੇ ਹੱਕ ’ਚ ਰੋਡ ਸ਼ੋਅ ਕੀਤਾ। ਦੋ ਸੀਟਾਂ ਤੋਂ ਚੋਣ ਲੜ ਰਹੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਆਖ਼ਰੀ ਦਿਨ ਦੋਵੇਂ ਹੀ ਵਿਧਾਨ ਸਭਾ ਖੇਤਰਾਂ ’ਚ ਤਾਕਤ ਲਗਾਈ। ਚੰਨੀ ਨੇ ਭਦੌੜ ਵਿਧਾਨ ਸਭਾ ਖੇਤਰ ’ਚ ਮਾਨਸਾ ਦੇ ਉਮੀਦਵਾਰ ਸਿੱਧੂ ਮੂਸੇਵਾਲਾ ਦੇ ਨਾਲ ਰੋਡ ਸ਼ੋਅ ਕੀਤਾ ਤਾਂ ਪ੍ਰਚਾਰ ਖ਼ਤਮ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਚਮਕੌਰ ਸਾਹਿਬ ’ਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਵੀ ਆਪਣੇ ਵਿਧਾਨ ਸਭਾ ਖੇਤਰ ’ਚ ਪ੍ਰਚਾਰ ਕੀਤਾ ਤੇ ਦੁਪਹਿਰ ਦੋ ਵਜੇ ਦੇ ਕਰੀਬ ਉਹ ਚੰਡੀਗੜ੍ਹ ਪਹੁੰਚ ਗਏ ਕਿਉਂਕਿ ਕਾਂਗਰਸ ਨੇ ਮਨੋਰਥ ਪੱਤਰ ਜਾਰੀ ਕਰਨਾ ਸੀ। ਸਿੱਧੂ ਪ੍ਰਚਾਰ ਖ਼ਤਮ ਹੋਣ ਤਕ ਚੰਡੀਗੜ੍ਹ ’ਚ ਹੀ ਰਹੇ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਹੀ ਵਿਧਾਨ ਸਭਾ ਖੇਤਰ ਲੰਬੀ ’ਚ ਰੈਲੀ ਕੀਤੀ। ਪ੍ਰਚਾਰ ਦੇ ਆਖ਼ਰੀ ਪੜਾਅ ’ਚ ਕਈ ਨਵੇਂ ਸਮੀਕਰਨ ਵੀ ਦੇਖਣ ਨੂੰ ਮਿਲੇ। 2017 ਤਕ ਪਟਿਆਲਾ ਸ਼ਹਿਰੀ ਸੀਟ ’ਤੇ ਕੋਈ ਵੀ ਸਟਾਰ ਪ੍ਰਚਾਰਕ ਕੈਪਟਨ ਅਮਰਿੰਦਰ ਸਿੰਘ ਲਈ ਵੋਟਾਂ ਮੰਗਣ ਨਹੀਂ ਜਾਂਦਾ ਸੀ ਜਦਕਿ ਇਸ ਵਾਰੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਰੈਲੀ ਦੇ ਬਾਅਦ ਰਾਜਨਾਥ ਸਿੰਘ ਨੇ ਕੈਪਟਨ ਦੇ ਹੱਕ ’ਚ ਰੋਡ ਸ਼ੋਅ ਕੀਤਾ। ਉੱਥੇ, ਪੰਜਾਬ ਦੀ ਹਰ ਸੀਟ ’ਤੇ ਜਾ ਕੇ ਪਾਰਟੀ ਆਗੂ ਲਈ ਵੋਟਾਂ ਮੰਗਣ ਵਾਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬੀ ਕਲਾਕਾਰ ਤੇ ਮਾਨਸਾ ਤੋਂ ਕਾਂਗਰਸ ਦੇ ਉਮੀਦਵਾਰ ਸਿੱਧੂ ਮੂਸੇਵਾਲਾ ਨਾਲ ਰੋਡ ਸ਼ੋਅ ਕੀਤਾ।

ਭਾਜਪਾ ਨੇ ਲਗਾਈ ਸਭ ਤੋਂ ਵੱਧ ਤਾਕਤ

14 ਦਿਨਾਂ ਤਕ ਚੱਲੇ ਪ੍ਰਚਾਰ ਦੌਰਾਨ ਸਭ ਤੋਂ ਜ਼ਿਆਦਾ ਤਾਕਤ ਭਾਰਤੀ ਜਨਤਾ ਪਾਰਟੀ ਨੇ ਲਗਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਰਚੁਅਲ ਤੇ ਤਿੰਨ ਰੈਲੀਆਂ ਨੂੰ ਸੰਬੋਧਨ ਕੀਤਾ। ਰਾਜਨਾਥ ਸਿੰਘ ਚੋਣ ਪ੍ਰਚਾਰ ’ਚ ਸਭ ਤੋਂ ਸਰਗਰਮ ਆਗੂ ਰਹੇ। ਉਨ੍ਹਾਂ ਨੇ 12 ਰੈਲੀਆਂ ਤੇ ਇਕ ਰੋਡ ਸ਼ੋਅ ਕੀਤਾ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਛੇ ਰੈਲੀਆਂ ਨੂੰ ਸੰਬੋਧਨ ਕੀਤਾ। ਭਾਜਪਾ ਦੇ ਸੱਤ ਕੇਂਦਰੀ ਮੰਤਰੀ ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਵੀ ਰੈਲੀਆਂ ਨੂੰ ਸੰਬੋਧਨ ਕੀਤਾ।

ਰਾਹੁਲ-ਪ੍ਰਿਅੰਕਾ ਰਹੇ ਸਰਗਰਮ

ਕਾਂਗਰਸ ਵਲੋਂ ਚੋਣ ਪ੍ਰਚਾਰ ਦੀ ਕਮਾਨ ਰਾਹੁਲ ਗਾਂਧੀ ਨੇ ਸੰਭਾਲੀ। 14 ਦਿਨਾਂ ਦੇ ਦਰਮਿਆਨ ਰਾਹੁਲ ਗਾਂਧੀ ਨੇ ਪੰਜਾਬ ’ਚ ਸੱਤ ਰੈਲੀਆਂ ਨੂੰ ਸੰਬੋਧਨ ਕੀਤਾ ਜਦਕਿ ਪਿ੍ਰਅੰਕਾ ਗਾਂਧੀ ਨੇ ਤਿੰਨ ਰੈਲੀਆਂ ਤੇ ਚਾਰ ਰੋਡ ਸ਼ੋਅ ਕੀਤੇ। ਇਸ ਤੋਂ ਇਲਾਵਾ ਕਾਂਗਰਸ ਵਲੋਂ ਅਸ਼ੋਕ ਗਹਿਲੋਤ, ਰਣਦੀਪ ਸੁਰਜੇਵਾਲਾ ਆਦਿ ਨੇ ਵੀ ਪ੍ਰਚਾਰ ਦੀ ਕਮਾਨ ਸੰਭਾਲੀ।

ਕੇਜਰੀਵਾਲ ਨੂੰ ਰੋਡ ਸ਼ੋਅ ’ਤੇ ਭਰੋਸਾ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੋਣ ਪ੍ਰਚਾਰ ਦੌਰਾਨ ਸਭ ਤੋਂ ਜ਼ਿਆਦਾ ਰੋਡ ਸ਼ੋਅਜ਼ ’ਤੇ ਭਰੋਸਾ ਕੀਤਾ। ਕੇਜਰੀਵਾਲ ਨੇ ਜਿੱਥੇ ਕਰੀਬ ਇਕ ਦਰਜਨ ਰੋਡ ਸ਼ੋਅ ਕੀਤੇ, ਉੱਥੇ ਚਾਰ ਦੇ ਕਰੀਬ ਰੈਲੀਆਂ ਕੀਤੀਆਂ।

ਅਕਾਲੀ ਦਲ ਨੂੰ ਸੁਖਬੀਰ ਬਾਦਲ ਦਾ ਸਹਾਰਾ

ਅਕਾਲੀ ਦਲ ਵਲੋਂ ਪ੍ਰਚਾਰ ਦੀ ਕਮਾਨ ਸੁਖਬੀਰ ਬਾਦਲ ਨੇ ਹੀ ਸੰਭਾਲੀ। ਬਾਦਲ ਨੇ ਚੋਣ ਪ੍ਰਚਾਰ ਤੋਂ ਪਹਿਲਾਂ ਹੀ ਆਪਣਾ ਪ੍ਰਚਾਰ ਸ਼ੁਰੂ ਕਰ ਦਿੱਤਾ। ਜਦਕਿ ਚੋਣ ਪ੍ਰਚਾਰ ਦੌਰਾਨ ਦੋ ਦਰਜਨ ਤੋਂ ਜ਼ਿਆਦਾ ਰੈਲੀਆਂ ਨੂੰ ਸੰਬੋਧਨ ਕੀਤਾ। ਪ੍ਰਕਾਸ਼ ਸਿੰਘ ਬਾਦਲ ਲੰਬੀ ਛੱਡ ਕੇ ਕਿਤੇ ਵੀ ਪ੍ਰਚਾਰ ਲਈ ਨਹੀਂ ਜਾ ਸਕੇ। ਬਸਪਾ ਸੁਪਰੀਮੋ ਮਾਇਆਵਤੀ ਨੇ ਇਕ ਚੋਣ ਰੈਲੀ ਨੂੰ ਸੰਬੋਧਨ ਕੀਤਾ।

Posted By: Jatinder Singh