ਜੇਐੱਨਐੱਨ, ਚੰਡੀਗੜ੍ਹ : ਸੈਕਟਰ-26 ਬਾਪੂਧਾਮ ਕਾਲੋਨੀ ਵਿਚ ਵੀਰਵਾਰ ਨੂੰ 80 ਸਾਲ ਦੀ ਇਕ ਬਜ਼ੁਰਗ ਅੌਰਤ ਕੋਰੋਨਾ ਪਾਜ਼ੇਟਿਵ ਪਾਈ ਗਈ। ਸ਼ਹਿਰ ਵਿਚ ਹੁਣ ਤਕ ਕੁਲ 302 ਲੋਕਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ। ਬਜ਼ੁਰਗ ਅੌਰਤ ਨੂੰ ਸਰਕਾਰੀ ਮਲਟੀ ਸਪੈਸ਼ਸਲਿਟੀ ਹਸਪਤਾਲ (ਜੀਐੱਮਐੱਸਐੱਚ-16) ਵਿਚ ਆਈਸੋਲੇਸ਼ਨ ਵਾਰਡ ਵਿਚ ਦਾਖ਼ਲ ਕਰਵਾਇਆ ਗਿਆ ਹੈ। ਬਜ਼ੁਰਗ ਅੌਰਤ ਦੇ ਸੰਪਰਕ ਵਿਚ ਛੇ ਲੋਕਾਂ ਦੇ ਲੋਕਾਂ ਦੇ ਨਮੂਨੇ ਟੈਸਟ ਲਈ ਭੇਜ ਦਿੱਤੇ ਗਏ ਹਨ। ਜਦਕਿ ਬਜ਼ੁਰਗ ਦੇ ਸੰਪਰਕ ਵਿਚ ਆਏ ਕਮਿਊਨਿਟੀ ਸੰਪਰਕ ਦੇ ਇਕ ਵਿਅਕਤੀ ਦੀ ਰਿਪੋਰਟ ਦੇਰ ਸ਼ਾਮ ਤਕ ਨੈਗੇਟਿਵ ਆਈ।

8 ਵਿਅਕਤੀਆਂ ਨੂੰ ਮਿਲੀ ਛੁੱਟੀ

ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ (ਜੀਐੱਮਸੀਐੱਚ-32) ਅਤੇ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ (ਜੀਐੱਮਐੱਸਐੱਚ-16) ਤੋਂ ਵੀਰਵਾਰ ਨੂੰ 8 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਠੀਕ ਹੋਣ ਮਗਰੋਂ ਛੁੱਟੀ ਦੇ ਦਿੱਤੀ ਗਈ। ਇਨ੍ਹਾਂ ਲੋਕਾਂ ਨੂੰ ਸੈਕਟਰ-22 ਦੇ ਸੂਦ ਧਰਮਸ਼ਾਲਾ ਵਿਚ ਸੱਤ ਦਿਨ ਲਈ ਇਕਾਂਤਵਾਸ ਲਈ ਰੱਖਿਆ ਗਿਆ ਹੈ। ਇਨ੍ਹਾਂ ਲੋਕਾਂ ਨੂੰ ਸੱਤ ਦਿਨ ਦੇ ਇਕਾਂਤਵਾਸ ਦਾ ਸਮਾਂ ਪੂਰਾ ਕਰਨ ਮਗਰੋਂ ਘਰ ਭੇਜਿਆ ਜਾਵੇਗਾ। ਜਿਨ੍ਹਾਂ ਅੱਠ ਲੋਕਾਂ ਨੂੰ ਨੂੰ ਵੀਰਵਾਰ ਨੂੰ ਛੁੱਟੀ ਦਿੱਤੀ ਗਈ ਹੈ, ਉਨ੍ਹਾਂ ਵਿਚ 27 ਸਾਲ ਦੀ ਅੌਰਤ, 18 ਸਾਲ ਦਾ ਨੌਜਵਾਨ, 29 ਸਾਲ ਦਾ ਨੌਜਵਾਨ, 19 ਸਾਲ ਦਾ ਨੌਜਵਾਨ, 14 ਸਾਲ ਦਾ ਮੁੰਡਾ, 42 ਸਾਲ ਦਾ ਵਿਅਕਤੀ, 56 ਸਾਲ ਦਾ ਵਿਅਕਤੀ ਅਤੇ 26 ਸਾਲ ਦਾ ਨੌਜਵਾਨ ਸ਼ਾਮਲ ਹੈ।

21 ਵਿਅਕਤੀਆਂ ਦੇ ਨਮੂਨੇ ਭੇਜੇ

ਬਾਪੂਧਾਮ ਕਾਲੋਨੀ ਤੋਂ ਵੀਰਵਾਰ ਨੂੰ 21 ਲੋਕਾਂ ਦੇ ਸੈਂਪਲ ਟੈਸਟਿੰਗ ਲਈ ਭੇਜੇ ਗਏ ਹਨ। ਸ਼ਹਿਰ ਵਿਚ ਅਜੇ ਤਕ 5059 ਲੋਕਾਂ ਦੇ ਸੈਂਪਲ ਲੈ ਕੇ ਟੈਸਟਿੰਗ ਕੀਤੀ ਜਾ ਚੁੱਕੀ ਹੈ। ਇਨ੍ਹਾਂ ਵਿਚੋਂ 4735 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਵੀਰਵਾਰ ਨੂੰ ਅੱਠ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਛੁੱਟੀ ਮਿਲਣ ਮਗਰੋਂ ਹੁਣ ਸ਼ਹਿਰ ਵਿਚ ਕੋਰੋਨਾ ਐਕਟਿਵ ਮਰੀਜ਼ਾਂ ਦੀ ਗਿਣਤੀ 75 ਰਹਿ ਗਈ ਹੈ। ਸ਼ਹਿਰ ਵਿਚ ਅਜੇ ਤਕ 222 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਠੀਕ ਹੋਣ ਮਗਰੋਂ ਛੁੱਟੀ ਦੇ ਕੇ ਘਰ ਭੇਜਿਆ ਜਾ ਚੁੱਕਾ ਹੈ। ਸ਼ਹਿਰ ਵਿਚ ਅਜੇ ਤਕ ਕੋਰੋਨਾ ਵਾਇਰਸ ਕਾਰਨ ਪੰਜ ਮੌਤਾਂ ਹੋ ਚੁੱਕੀਆਂ ਹਨ।