ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ : ਡੇਰਾਬੱਸੀ 'ਚ ਕਰਵਾ ਚੌਥ 'ਤੇ ਐਤਵਾਰ ਦਾ ਦਿਨ ਭਾਰੂ ਰਿਹਾ। ਇਲਾਕੇ 'ਚ ਫ਼ੈਲੇ ਡਾਇਰੀਆ ਅਤੇ ਬੁਖਾਰ ਨੇ ਦੋ ਨੌਜਵਾਨਾਂ ਦੀ ਜਾਨ ਲੈ ਲਈ। ਦੋਵੇਂ ਨੌਜਵਾਨ ਸਮਾਜ ਸੇਵਾ ਨੂੰ ਸਮਰਪਿਤ ਰਹਿੰਦੇ ਸਨ। ਡੇਰਾਬੱਸੀ ਜਵਾਹਰਪੁਰ ਸਥਿਤ ਪ੍ਰਰਾਈਵੇਟ ਇੰਡਸ ਹਸਪਤਾਲ ਵਿਖੇ ਇਲਾਜ਼ ਲਈ ਦਾਖ਼ਲ ਰਾਜੀਵ ਥੰਮਨ ਉਰਫ਼ ਕਾਕਾ 42 ਪੁੱਤਰ ਮਨੋਹਰ ਲਾਲ ਥੰਮਨ ਦੀ ਸਵੇਰੇ ਕਰੀਬ ਸਾਢੇ 11 ਵਜੇ ਮੌਤ ਹੋ ਗਈ ਇਸ ਤੋਂ ਬਾਅਦ ਦੁਪਿਹਰ ਬਾਅਦ ਇਸੇ ਹਸਪਤਾਲ 'ਚ ਜ਼ੇਰੇ ਇਲਾਜ ਬਲਾਕ ਸੰਮਤੀ ਮੈਂਬਰ ਧਰਮਿੰਦਰ ਸਿੰਘ ਕਾਰਕੌਰ 44 ਪੁੱਤਰ ਅਵਤਾਰ ਨੇ ਵੀ ਜ਼ੇਰੇ ਇਲਾਜ ਦਮ ਤੋੜ ਦਿੱਤਾ। ਦੋਵਾਂ ਜਣੇ ਪਿਛਲੇ ਕਈ ਦਿਨਾਂ ਤੋਂ ਡਾਇਰੀਆਂ ਅਤੇ ਬੁਖਾਰ ਨਾਲ ਪੀੜਤ ਸਨ।

ਜਾਣਕਾਰੀ ਮੁਤਾਬਕ ਰਾਜੀਵ ਥੰਮਨ ਪਿਛਲੇ ਦੋ ਦਿਨਾਂ ਡਾਈਰੀਏ ਦੀ ਬੀਮਾਰੀ ਨਾਲ ਜੂਝ ਰਿਹਾ ਸੀ। ਉਸ ਦੇ ਪਿਤਾ ਮਨੋਹਰ ਲਾਲ ਥੰਮਨ ਦੀ ਕਰੀਬ ਦੋ ਮਹੀਨੇ ਪਹਿਲਾ 30 ਅਗਸਤ ਨੂੰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਸਮਾਜ ਸੇਵਾ ਨੂੰ ਸਮਰਪਿਤ ਇਸ ਪਰਿਵਾਰ 'ਚ ਪਿਤਾ ਤੋਂ ਬਾਅਦ ਨੌਜਵਾਨ ਪੁੱਤਰ ਦੀ ਮੌਤ ਹੋ ਗਈ। ਰਾਜੀਵ ਥੰਮਨ ਕਨਫੈਕਸ਼ਨਰੀ ਦੀ ਦੁਕਾਨ ਦੇ ਨਾਲ ਦੁੱਧ ਅਤੇ ਬਰੈੱਡ ਦੀ ਸਪਲਾਈ ਦਾ ਕੰਮ ਕਰਦਾ ਸੀ ਅਤੇ ਨਾਲ-ਨਾਲ ਸ਼ਹਿਰ ਸਮਾਜ ਸੇਵਾ ਦੇ ਕੰਮਾਂ 'ਚ ਮੋਹਰੀ ਰੋਲ ਅਦਾ ਕਰਦਾ ਆ ਰਿਹਾ ਸੀ। ਉਹ ਪਿੱਛੇ ਆਪਣੀ ਵਿਧਵਾ ਪਤਨੀ ਤੋਂ ਇਲਾਵਾ 16 ਸਾਲਾ ਦਾ ਪੁੱਤਰ ਛੱਡ ਗਿਆ ਹੈ।

ਦੂਸਰਾ ਨੌਜਵਾਨ ਧਰਮਿੰਦਰ ਸਿੰਘ ਕਾਰਕੌਰ ਬਲਾਕ ਸੰਮਤੀ ਮੈਂਬਰ ਸੀ, ਖੇਤੀਬਾੜੀ ਕਰਦਾ ਸੀ ਜੋ ਪਿਛਲੇ ਕਈ ਦਿਨਾਂ ਤੋਂ ਬੁਖ਼ਾਰ ਮਗਰੋਂ ਪਲੈਟਲੈੱਟਸ ਘੱਟਣ ਮਗਰੋਂ ਇੱਥੇ ਪ੍ਰਰਾਈਵੇਟ ਹਸਪਤਾਤਲ 'ਚ ਜ਼ੇਰੇ ਇਲਾਜ ਸੀ ਜਿਸ ਦੇ ਪਲੈਟਲੈੱਟਸ ਜ਼ਿਆਦਾ ਘੱੱਟ ਜਾਣ ਮਗਰੋਂ ਬਾਅਦ ਦੁਪਿਹਰ ਮੌਤ ਹੋ ਗਈ। ਉਹ ਡੇਰਾਬੱਸੀ ਤੋਂ ਕਾਂਗਰਸ ਪਾਰਟੀ 'ਚ ਕਾਫ਼ੀ ਸਰਗਰਮ ਸੀ। ਉਹ ਪਿੱਛੇ ਆਪਣੀ ਵਿਧਵਾ ਪਤਨੀ ਤੋਂ ਇਲਾਵਾ 20 ਸਾਲਾਂ ਪੁੱਤਰ ਅਤੇ 18 ਪੁੱਤਰੀ ਛੱਡ ਗਿਆ ਹੈ। ਕਰਵਾ ਚੌਥ ਦੇ ਦਿਨ ਵਾਪਰੇ ਇਸ ਭਾਣੇ ਕਾਰਨ ਲੋਕ ਵਿਚ ਖ਼ੌਫ਼ ਵੱਧਣ ਲੱਗ ਗਿਆ ਹੈ।

ਇਲਾਕੇ 'ਚ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ

ਡੇਰਾਬੱਸੀ 'ਚ ਪਲੇਟਲੈੱਟਸ ਘੱਟਣ ਅਤੇ ਡਾਇਰੀਏ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਡੇਰਾਬੱਸੀ ਸ਼ਹਿਰ ਵਾਸੀਆਂ 'ਚ ਡਾਇਰੀਏ ਦੇ ਮਾਮਲੇ ਨਾ ਰੁਕਣ ਕਾਰਨ ਸਥਾਨਕ ਲੋਕਾਂ 'ਚ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਭਗਤ ਸਿੰਘ ਨਗਰ ਵਿਖੇ ਵੀ ਇੱਕ 32 ਸਾਲਾ ਅੌਰਤ ਦੀ ਡਾਇਰੀਏ ਨਾਲ ਮੌਤ ਹੋ ਚੁੱਕੀ ਹੈ। ਹਾਲਾਂਕਿ ਸਿਹਤ ਵਿਭਾਗ ਦੇ ਸਰਕਾਰੀ ਅੰਕੜੇ ਕੁਝ ਹੋਰ ਦੱਸ ਰਹੇ ਹਨ।

ਮੌਤ ਬਾਅਦ ਵੀ ਪਰਿਵਾਰ ਸਮਾਜ ਸੇਵਾ ਨੂੰ ਸਮਰਪਿਤ

ਡੇਰਾਬੱਸੀ ਗੁਲਾਬਗੜ੍ਹ ਰੋਡ ਦੇ ਵਸਨੀਕ ਰਾਜੀਵ ਥੰਮਨ ਦੇ ਪਰਿਵਾਰ ਤੇੇ ਭਾਵੇਂ ਦੁੱਖਾਂ ਦਾ ਪਹਾੜ ਟੁੱਟ ਗਿਆ ਪਰ ਫਿਰ ਵੀ ਨੌਜਵਾਨ ਨੂੰ ਖੋਹ ਜਾਣ ਮਗਰੋਂ ਵੀ ਆਪਣੀ ਸਮਾਜ ਸੇਵਾ ਨੂੰ ਨਹੀਂ ਛੱਡਿਆ। ਪਰਿਵਾਰ ਨੇ ਨੌਜਵਾਨ ਰਾਜੀਵ ਦੀਆਂ ਅੱਖਾਂ ਦਾਨ ਕਰ ਕੇ ਸਮਾਜ ਨੂੰ ਨਵੀਂ ਸੇਧ ਦਿੱਤੀ ਹੈ।

ਕਿਸਾਨ ਜਥੇਬੰਦੀਆਂ ਨੇ ਕੀਤਾ ਰੋਸ ਪ੍ਰਗਟ

ਕਿਸਾਨ ਜਥੇਬੰਦੀ ਦੇ ਆਗੂ ਕਰਮ ਸਿੰਘ ਕਾਰਕੌਰ ਅਤੇ ਹੋਰਨਾਂ ਨੇ ਸਿਵਲ ਤੇ ਸਿਹਤ ਪ੍ਰਸ਼ਾਸਨ ਨੂੰ ਲਤਾੜਦਿਆ ਕਿਹਾ ਕਿ ਲੋਕ ਮਰ ਰਹੇ ਹਨ ਪਰ ਪ੍ਰਸ਼ਾਸਨ ਤੇ ਸਰਕਾਰ ਦੀ ਜਾਗ ਨਹੀਂ ਖੁੱਲ੍ਹ ਰਹੀ। ਉਨਾਂ੍ਹ ਪਿੰਡਾਂ ਦੀਆਂ ਪੰਚਾਇਤਾਂ ਨੂੰੂ ਅਪੀਲ ਕੀਤੀ ਕਿ ਪਿੰਡਾਂ 'ਚ ਪੈਸੇ ਇਕੱਠੇ ਕਰ ਕੇ ਫ਼ੌਗਿੰਗ ਮਸ਼ੀਨ ਮਗਵਾ ਕੇ ਫ਼ੌਗਿੰਗ ਕਰਵਾ ਲਈ ਜਾਵੇ। ਪ੍ਰਸ਼ਾਸਨ ਦੀ ਅਣਗਹਿਲੀਆਂ ਕਾਰਨ ਲੋਕਾਂ ਦੀਆਂ ਜਾਨੀ ਦਾ ਨੁਕਸਾਨ ਹੋ ਰਿਹਾ ਹੈ।

ਡੇਂਗੂ ਤੇ ਡਾਇਰੀਆਂ ਤੋਂ ਬਚਣ ਲਈ ਸੁਚੇਤ ਹੋਣ ਜ਼ਰੂਰੀ : ਐੱਸਡੀਐੱਮ

ਐੱਸਡੀਐੱਮ ਕੁਲਦੀਪ ਸਿੰਘ ਬਾਵਾ ਨੇ ਆਖਿਆ ਕਿ ਡੇਂਗੂ ਅਤੇ ਡਾਇਰੀਆਂ ਨੂੰ ਰੋਕਣ ਲਈ ਫ਼ੌਗਿੰਗ ਹੋਰ ਵਧਾਈ ਜਾ ਰਹੀ ਹੈ। ਇਸ ਵਾਰ ਮੱਛਰ ਦਾ ਲਾਰਵਾ ਜ਼ਿਆਦਾ ਵੱਧ ਗਿਆ ਹੈ। ਡੇਰਾਬੱਸੀ ਗੁਲਾਬਗੜ੍ਹ ਰੋਡ 'ਤੇ ਫੈਲੇ ਡਾਇਰੀਆ ਦੇ ਮਾਮਲੇ 'ਚ ਉਨਾਂ੍ਹ ਆਖਿਆ ਕਿ ਪਾਣੀ ਦੀ ਹੋ ਰਹੀ ਮਿਕਸਿੰਗ ਦਾ ਪਤਾ ਲਗਾਇਆ ਜਾ ਰਿਹਾ ਹੈ। ਜਿਸ 'ਤੇ ਟੀਮਾਂ ਲੱਗੀਆਂ ਹੋਈਆਂ ਹਨ।